ਪਾਕਿ ਵਿੱਚ ਹਿੰਦੂ ਮੂਲ ਦੀ ਪਹਿਲੀ ਡੀਐੱਸਪੀ ਬਣੀ ਮਨੀਸ਼ਾ ਰੁਪੇਟਾ

ਕਰਾਚੀ, 29 ਜੁਲਾਈ

ਪਾਕਿਸਤਾਨ ਵਿੱਚ ਮਨੀਸ਼ਾ ਰੁਪੇਟਾ (26) ਦੇਸ਼ ਦੀ ਪਹਿਲੀ ਹਿੰਦੂ ਮਹਿਲਾ ਡੀਐੱਸਪੀ ਬਣੀ ਹੈ। ਉਸ ਦਾ ਉਦੇਸ਼ ਮਹਿਲਾ ਸੁਰੱਖਿਆ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕਣਾ ਹੈ। ਸਿੰਧ ਇਲਾਕੇ ਦੇ ਜੈਕਬਾਬਾਦ ਨਾਲ ਸਬੰਧਤ ਰੁਪੇਟਾ ਦਾ ਮੰਨਣਾ ਹੈ ਕਿ ਪੁਰਸ਼ ਪ੍ਰਧਾਨ ਦੇਸ਼ ਪਾਕਿਸਤਾਨ ਵਿੱਚ ਪੱਛੜੀ ਮਾਨਸਿਕਤਾ ਵਾਲੇ ਸਭ ਤੋਂ ਵੱਧ ਲੋਕ ਹਨ ਅਤੇ ਇੱਥੇ ਬਹੁਤੇ ਸਾਰੇ ਅਪਰਾਧਾਂ ਲਈ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਰੁਪੇਟਾ ਨੇ ਪਿਛਲੇ ਸਾਲ ਸਿੰਧ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਸੀ। ਉਸ ਨੇ 152 ਸਫ਼ਲ ਉਮੀਦਵਾਰਾਂ ਦੀ ਸੂੁਚੀ ਵਿੱਚੋਂ 16ਵਾਂ ਸਥਾਨ ਹਾਸਲ ਕੀਤਾ ਸੀ। ਉਸ ਦੀ ਸਿਖਲਾਈ ਚੱਲ ਰਹੀ ਹੈ ਅਤੇ ਉਸ ਨੂੰ ਅਪਰਾਧ ਪ੍ਰਭਾਵਿਤ ਇਲਾਕੇ ਲਿਆਰੀ ਵਿੱਚ ਡੀਐੱਸਪੀ ਵਜੋਂ ਤਾਇਨਾਤ ਕੀਤਾ ਜਾਵੇਗਾ। ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਮਨੀਸ਼ਾ ਰੁਪੇਟਾ ਨੇ ਕਿਹਾ, ‘‘ਮੈਂ ਅਤੇ ਮੇਰੀ ਭੈਣ ਬਚਪਨ ਤੋਂ ਪੁਰਾਣੀ ਪਿਤਰਸੱਤਾ ਨੂੰ ਦੇਖਦਿਆਂ ਵੱਡੀਆਂ ਹੋਈਆਂ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਪੜ੍ਹ-ਲਿਖ ਜਾਂਦੀਆਂ ਹੋ ਤਾਂ ਤੁਸੀਂ ਅਧਿਆਪਕ ਜਾਂ ਡਾਕਟਰ ਹੀ ਬਣ ਸਕਦੀਆਂ ਹੋ। ਸਾਡੇ ਸਮਾਜ ਵਿੱਚ ਔਰਤਾਂ ਬਹੁਤ ਸਾਰੇ ਜ਼ੁਲਮਾਂ ਦਾ ਸ਼ਿਕਾਰ ਹਨ ਅਤੇ ਉਨ੍ਹਾਂ ਨੂੰ ਕਈ ਅਪਰਾਧਾਂ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ। ਮੈਂ ਪੁਲੀਸ ਵਿੱਚ ਇਸ ਲਈ ਭਰਤੀ ਹੋਈ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਡੇ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੈ।’’ ਸਰੀਰਕ ਅਤੇ ਮਾਨਸਿਕ ਸੋਸ਼ਣ, ਅਣਖ ਖਾਤਿਰ ਹੱਤਿਆ ਅਤੇ ਜਬਰੀ ਵਿਆਹ ਪਾਕਿਸਤਾਨ ਨੂੰ ਮਹਿਲਾਵਾਂ ਲਈ ਸਭ ਤੋਂ ਭੈੜੇ ਦੇਸ਼ਾਂ ਵਿੱਚੋਂ ਇੱਕ ਬਣਾਉਂਦਾ ਹੈ। ਵਰਲਡ ਇਕਨਾਮਿਕ ਫੋਰਮ ਦੇ ‘ਦਿ ਗਲੋਬਲ ਜੈਂਡਰ ਗੈਪ ਇੰਡੈਕਸ’ ਨੇ ਦੋ ਸਾਲ ਪਹਿਲਾਂ ਪਾਕਿਸਤਾਨ ਨੂੰ ਥੱਲਿਓਂ ਤੀਜੇ ਸਥਾਨ ’ਤੇ ਰੱਖਿਆ ਸੀ। ਇਸ ਦੌਰਾਨ 153 ਦੇਸ਼ਾਂ ਦੀ ਸੂਚੀ ਵਿੱਚੋਂ ਪਾਕਿਸਤਾਨ 151ਵੇਂ ਸਥਾਨ ’ਤੇ ਸੀ।

Add a Comment

Your email address will not be published. Required fields are marked *