ਸਿਸੋਦੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਦੇਸ਼ ’ਚ ਵੱਖ ਵੱਖ ਥਾਈਂ ਰੋਸ ਮੁਜ਼ਾਹਰੇ

ਨਵੀਂ ਦਿੱਲੀ, 27 ਫਰਵਰੀ-; ਆਬਕਾਰੀ ਨੀਤੀ ਕੇਸ ਵਿੱਚ ਸੀਬੀਆਈ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਖਿਲਾਫ਼ ਅੱਜ ‘ਆਪ’ ਵਰਕਰਾਂ ਵੱਲੋਂ ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਤਿਲੰਗਾਨਾ, ਜੰਮੂ, ਪਟਨਾ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਦਿੱਲੀ ਵਿੱਚ ‘ਆਪ’ ਕਾਰਕੁਨਾਂ ਤੇ ਵਰਕਰਾਂ ਨੇ ਭਾਜਪਾ ਦੇ ਕੌਮੀ ਹੈੱਡਕੁਆਰਟਰ ਦਾ ਘਿਰਾਓ ਕੀਤਾ। ‘ਆਪ’ ਨੇ ਭਾਜਪਾ ’ਤੇ ਵਿਰੋਧੀ ਧਿਰਾਂ ਨੂੰ ਸਰਕਾਰੀ ਜਾਂਚ ਏਜੰਸੀਆਂ ਦੀ ਮਦਦ ਨਾਲ ਬਦਨਾਮ ਕਰਨ ਤੇ ਜੇਲ੍ਹਾਂ ਵਿੱਚ ਸੁੱਟਣ ਦੇ ਦੋਸ਼ ਲਾਏ। ਦਿੱਲੀ ਦੇ ਆਈਟੀਓ ਸਥਿਤ ‘ਆਪ’ ਦੇ ਕੌਮੀ ਦਫ਼ਤਰ ਤੋਂ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਾਜਪਾ ਦੇ ਕੌਮੀ ਹੈੱਡਕੁਆਰਟਰ (ਦੋਵੋਂ ਦਫ਼ਤਰ ਦੀਨ ਦਿਆਲ ਉਪਾਧਿਆਏ ਮਾਰਗ ਉਪਰ ਸਥਿਤ) ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਘੇਰ ਲਿਆ। ਪੁਲੀਸ ਨੇ ‘ਆਪ’ ਵਰਕਰਾਂ ਨੂੰ ਅੱਗੇ ਵਧਣ ਤੋਂ ਡੱਕ ਲਿਆ। ਇਸ ਦੌਰਾਨ ਪੁਲੀਸ ਨੇ ‘ਆਪ’ ਦੇ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ।

Add a Comment

Your email address will not be published. Required fields are marked *