ਟਵਿੱਟਰ ਦੇ ਬਲੂ ਟਿੱਕ ਲਈ ਹਰ ਮਹੀਨੇ ਦੇਣੇ ਪੈਣਗੇ 8 ਡਾਲਰ

ਨਿਊਯਾਰਕ, 2 ਨਵੰਬਰ

ਟਵਿੱਟਰ ’ਤੇ ਪੁਸ਼ਟੀ ਤੋਂ ਬਾਅਦ ਜਾਰੀ ਕੀਤੇ ਜਾਂਦੇ ਬਲੂ ਟਿੱਕ ਬੈਜ ਲਈ ਯੂਜਰਜ਼ ਨੂੰ ਪ੍ਰਤੀ ਮਹੀਨਾ 8 ਅਮਰੀਕੀ ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਹਰ ਮੁਲਕ ਦੀ ਸਮਰੱਥਾ ਮੁਤਾਬਕ ਇਕ ਕੀਮਤ ਤੈਅ ਹੋਵੇਗੀ। ਮਸਕ ਦੇ ਇਸ ਫ਼ੈਸਲੇ ਮਗਰੋਂ ਲੰਮੇ ਸਮੇਂ ਤੋਂ ਟਵਿੱਟਰ ਦੀ ਵਰਤੋਂ ਕਰ ਰਹੇ ਯੂਜ਼ਰਸ ਨੇ ਆਲੋਚਨਾ ਦੇ ਨਾਲ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮਸਕ ਨੇ 27 ਅਕਤੂਬਰ ਨੂੰ 44 ਅਰਬ ਡਾਲਰ ’ਚ ਟਵਿੱਟਰ ਦਾ ਸੌਦਾ ਕੀਤਾ ਸੀ। ਉਸ ਨੇ ਕੰਪਨੀ ਦੇ ਸੀਈਓ ਪਰਾਗ ਅਗਰਵਾਲ ਅਤੇ ਕਾਨੂੰਨੀ ਐਗਜ਼ਿਕਿਊਟਿਵ ਵਿਜਯਾ ਗਾਡੇ ਸਮੇਤ ਚਾਰ ਸਿਖਰਲੇ ਅਧਿਕਾਰੀਆਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਸੀ। ਮਸਕ ਨੇ ਬਲੂ ਟਿੱਕ ਲਈ ਰੇਟ ਦਾ ਐਲਾਨ ਕਰਦਿਆਂ ਕਿਹਾ ਕਿ ਯੂਜ਼ਰਸ ਨੂੰ ਰਿਪਲਾਈ, ਸਰਚ, ਲੰਬੇ ਵੀਡੀਓ ਅਤੇ ਆਡੀਓ ਪਾਉਣ ਅਤੇ ਘੱਟ ਇਸ਼ਤਿਹਾਰ ਦੇਖਣ ਨੂੰ ਮਿਲਣਗੇ। ਮਸਕ ਦੇ ਇਸ ਫ਼ੈਸਲੇ ਦੀ ਲੇਖਕ ਸਟੀਫਨ ਕਿੰਗ, ਅਦਾਕਾਰ, ਕਾਰਕੁਨ ਅਤੇ ਲੇਖਕ ਕਸਤੂਰੀ ਸ਼ੰਕਰ ਸਮੇਤ ਹੋਰਾਂ ਨੇ ਆਲੋਚਨਾ ਕੀਤੀ ਹੈ। ਕਿੰਗ ਨੇ ਕਿਹਾ ਕਿ ਉਸ ਦੇ ਇੰਨੇ ਪ੍ਰਸ਼ੰਸਕ ਹਨ ਕਿ ਟਵਿੱਟਰ ਨੂੰ ਤਾਂ ਉਸ ਨੂੰ ਅਦਾਇਗੀ ਕਰਨੀ ਚਾਹੀਦੀ ਹੈ। ਮਸਕ ਨੇ ਉਸ ਨੂੰ ਜਵਾਬ ਭੇਜਦਿਆਂ ਕਿਹਾ ਕਿ ਕੰਪਨੀ ਸਿਰਫ਼ ਵਿਗਿਆਨਪਦਾਤਿਆਂ ’ਤੇ ਨਿਰਭਰ ਨਹੀਂ ਰਹਿ ਸਕਦੀ ਹੈ। ਕਸਤੂਰੀ ਸ਼ੰਕਰ ਨੇ ਕਿਹਾ ਕਿ ਟਵਿੱਟਰ ਬਿੱਲ ਬੋਰਡ ਬਣ ਕੇ ਰਹਿ ਜਾਵੇਗਾ।  ਇਕ ਹੋਰ ਵਰਤੋਂਕਾਰ ਡੇਵਿਡ ਰੋਥਸਚਾਈਲਡ ਨੇ ਕਿਹਾ ਕਿ ਜਿੰਨਾ ਪੈਸਾ ਤੁਸੀਂ ਖ਼ਰਚੋਗੇ, ਉਨ੍ਹਾਂ ਹੀ ਤੁਹਾਡਾ ਵਧੇਰੇ ਭਾਸ਼ਨ ਸੁਣਨ ਨੂੰ ਮਿਲੇਗਾ। 

Add a Comment

Your email address will not be published. Required fields are marked *