ਮੈਕਸੀਕੋ ‘ਚ ਡੂੰਘੀ ਖੱਡ ‘ਚ ਡਿੱਗੀ ਬੱਸ, 18 ਲੋਕਾਂ ਦੀ ਮੌਤ

ਮੈਕਸੀਕੋ ਸਿਟੀ- ਉੱਤਰੀ-ਪੱਛਮੀ ਮੈਕਸੀਕੋ ਦੇ ਨਾਇਰਿਤ ਰਾਜ ਵਿਚ ਵੀਰਵਾਰ ਸਵੇਰੇ ਇਕ ਯਾਤਰੀ ਬੱਸ ਖੱਡ ਵਿਚ ਡਿੱਗ ਗਈ, ਜਿਸ ਵਿਚ 18 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਮੁਤਾਬਕ ਬੱਸ ਵਿਚ ਸਵਾਰ ਜ਼ਿਆਦਾਤਰ ਯਾਤਰੀ ਵਿਦੇਸ਼ੀ ਸਨ। ਬੱਸ ਮੈਕਸੀਕੋ ਸਿਟੀ ਤੋਂ ਅਮਰੀਕਾ ਦੀ ਸਰਹੱਦ ‘ਤੇ ਟਿਜੁਆਨਾ ਜਾ ਰਹੀ ਸੀ। ਬੱਸ ਵਿਚ ਭਾਰਤ, ਡੋਮਿਨਿਕਨ ਗਣਰਾਜ ਅਤੇ ਅਫਰੀਕੀ ਦੇਸ਼ਾਂ ਦੇ ਕੁੱਲ 42 ਨਾਗਰਿਕ ਸਵਾਰ ਸਨ। ਸਥਾਨਕ ਮੀਡੀਆ ਨੇ ਨਾਇਰਿਤ ਦੇ ਸੁਰੱਖਿਆ ਅਤੇ ਨਾਗਰਿਕ ਸੁਰੱਖਿਆ ਦੇ ਸਕੱਤਰ ਜੋਰਜ ਬੇਨੀਟੋ ਰੋਡਰਿਗਜ਼ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਰਨ ਵਾਲਿਆਂ ਵਿੱਚ 3 ਨਾਬਾਲਗ ਸਨ, ਜਦੋਂ ਕਿ 22 ਹੋਰ ਜ਼ਖ਼ਮੀ ਹੋਏ ਹਨ।

ਰੋਡਰਿਗਜ਼ ਨੇ ਕਿਹਾ ਕਿ ਰੈਸਕਿਊ ਆਪਰੇਸ਼ਨ ਕਾਫ਼ੀ ਮੁਸ਼ਕਲ ਸੀ, ਕਿਉਂਕਿ ਖੱਡ ਲਗਭਗ 40 ਮੀਟਰ (131 ਫੁੱਟ) ਡੂੰਘੀ ਸੀ। ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਥੇ ਹੀ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਨਾਇਰਿਤ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਬੱਸ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹ ਬੱਸ ਤੇਜ਼ੀ ਨਾਲ ਚਲਾ ਰਿਹਾ ਸੀ, ਜਿਸ ਕਾਰਨ ਹਾਦਸਾ ਵਾਪਰਿਆ ਹੈ।

Add a Comment

Your email address will not be published. Required fields are marked *