ਇਮਰਾਨ ਖ਼ਾਨ ਦੇ ਮਾਰਚ ਨੂੰ ਦੇਖਦਿਆਂ ਇਸਲਾਮਾਬਾਦ ’ਚ ਧਾਰਾ 144 ਲਾਗੂ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ‘ਹਕੀਕੀ ਆਜ਼ਾਦੀ ਮਾਰਚ’ ਨੂੰ ਦੇਖਦਿਆਂ ਇਸਲਾਮਾਬਾਦ ’ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪਾਕਿਸਤਾਨ ਦੇ ਕਾਨੂੰਨ ਦੀ ਇਹ ਧਾਰਾ ਲੋਕਾਂ ਨੂੰ ਸਭਾ ਦੀ ਇਜਾਜ਼ਤ ਨਹੀਂ ਦਿੰਦੀ ਹੈ। ਇਮਰਾਨ ਦੇ ਲੰਮੇ ਮਾਰਚ ਨੂੰ ਲੈ ਕੇ ਸਰਕਾਰ ਵਲੋਂ ਪੀ. ਟੀ. ਆਈ. ਲੀਡਰਸ਼ਿਪ ਨਾਲ ਗੱਲਬਾਤ ਲਈ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਦੀ ਲੀਡਰਸ਼ਿਪ ’ਚ ਇਕ ਕਮੇਟੀ ਵੀ ਬਣਾਈ ਗਈ ਹੈ। ਲੰਮੇ ਮਾਰਚ ਦੇ ਇਸਲਾਮਾਬਾਦ ਪਹੁੰਚਣ ’ਤੇ ਇਹ ਕਮੇਟੀ ਪੀ. ਟੀ. ਆਈ. ਲੀਡਰਸ਼ਿਪ ਨਾਲ ਗੱਲਬਾਤ ਕਰੇਗੀ।

ਇਸ ਦੇ ਨਾਲ ਹੀ ਇਸਲਾਮਾਬਾਦ ਪੁਲਸ ਨੇ ਰਾਸ਼ਟਰੀ ਰਾਜਧਾਨੀ ’ਚ ਹੋਟਲ, ਗੈਸਟ ਹਾਊਸ ਨੂੰ ਹੁਕਮ ਦਿੱਤਾ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਲੰਮੇ ਮਾਰਚ ’ਚ ਸ਼ਾਮਲ ਲੋਕਾਂ ਨੂੰ ਰਿਹਾਇਸ਼ ਨਾ ਦੇਣ। ਇਨ੍ਹਾਂ ਹੁਕਮਾਂ ਦਾ ਪਾਲਨ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪਾਕਿਸਤਾਨ ਦੇ ਸਾਬਕਾ ਪੀ. ਐੱਮ. ਇਮਰਾਨ ਖ਼ਾਨ ਦਾ ਇਸ ਸਾਲ ਇਹ ਦੂਜਾ ਮਾਰਚ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਈ ’ਚ ਵੀ ਅਜਿਹਾ ਮਾਰਚ ਕੱਢਿਆ ਸੀ। ਮੰਨਿਆ ਜਾ ਰਿਹਾ ਹੈ ਕਿ ਮਾਰਚ ’ਚ ਜਨ ਸਮਰਥਨ ਦਿਖਾ ਕੇ ਉਹ ਪਾਕਿਸਤਾਨ ’ਚ ਜਲਦ ਆਮ ਚੋਣਾਂ ਲਈ ਪ੍ਰਸ਼ਾਸਨ ’ਤੇ ਦਬਾਅ ਪਾਉਣਾ ਚਾਹੁੰਦੇ ਹਨ। ਉਧਰ ਇਮਰਾਨ ਖ਼ਾਨ ਦੇ ਇਸ ਮਾਰਚ ਨੂੰ ਦੇਖਦਿਆਂ ਪੁਲਸ ਨੇ 13000 ਅਫਸਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਮਰਾਨ ਖ਼ਾਨ ਦੀ ਪਾਰਟੀ ਪੀ. ਟੀ. ਆਈ. ਦਾ ਦਾਅਵਾ ਹੈ ਕਿ ਇਹ ਮਾਰਚ ਸ਼ਾਂਤੀਪੂਰਨ ਹੋਵੇਗਾ ਤੇ ਤੈਅ ਰਸਤਿਆਂ ਤੋਂ ਲੰਘੇਗਾ।

ਇਸ ਮਾਰਚ ਨੂੰ ਲੈ ਕੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਕਿਹਾ ਕਿ ਜੇਕਰ ਪ੍ਰਦਰਸ਼ਨਕਾਰੀਆਂ ਨੇ ਕਾਨੂੰਨ ਨੂੰ ਤੋੜਿਆ ਤਾਂ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਹੁਕਮ ਸਾਫ ਹੈ। ਜੇਕਰ ਪ੍ਰਦਰਸ਼ਨਕਾਰੀ ਕਾਨੂੰਨ ਦੀ ਪਾਲਨਾ ਕਰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਸੁਵਿਧਾ ਪ੍ਰਦਾਨ ਕਰਾਂਗੇ। ਪੀ. ਟੀ. ਆਈ. ਨੇਤਾ ਮੁਹੰਮਦ ਖ਼ਾਨ ਨੇ ਕਿਹਾ ਕਿ ਉਨ੍ਹਾਂ ਦਾ ਮਾਰਚ ਸ਼ਾਂਤੀਪੂਰਨ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਖ਼ਤਰਿਆਂ ਦੇ ਬਾਵਜੂਦ ਆਪਣੇ ਰਾਜਨੀਤਕ ਅੰਦੋਲਨ ਨੂੰ ਸ਼ਾਂਤੀਪੂਰਨ ਰੱਖਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਖੀਰ ’ਚ ਚੋਣਾਂ ਦੀ ਤਾਰੀਖ਼ ਦਾ ਐਲਾਨ ਕਰਨਾ ਹੋਵੇਗਾ।

Add a Comment

Your email address will not be published. Required fields are marked *