ਵਪਾਰਕ ਘਰੇਲੂ ਗੈਸ ਸਿਲੰਡਰ 91.50 ਰੁਪਏ ਸਸਤਾ ਹੋਇਆ

ਨਵੀਂ ਦਿੱਲੀ, 1 ਸਤੰਬਰ– ਹੋਟਲਾਂ ਅਤੇ ਰੈਸਟੋਰੈਂਟਾ ’ਚ ਵਰਤੀ ਜਾਣ ਵਾਲੀ ਕਮਰਸ਼ੀਅਲ ਐੱਲਪੀਜੀ ਦੀ ਕੀਮਤ ਸਾਢੇ 91 ਰੁਪਏ ਘਟਾ ਦਿੱਤੀ ਗਈ ਹੈ। ਕੌਮਾਂਤਰੀ ਪੱਧਰ ’ਤੇ ਕੀਮਤਾਂ ਨਰਮ ਪੈਣ ਮਗਰੋਂ ਤੇਲ ਕੰਪਨੀਆਂ ਨੇ ਇਹ ਫ਼ੈਸਲਾ ਲਿਆ ਹੈ। ਉਂਜ ਉਨ੍ਹਾਂ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਸਗੋਂ ਹੁਣ ਗੈਸ ਸਿਲੰਡਰ ਭਰਵਾਉਣ ਲਈ 15 ਦਿਨਾਂ ਦੀ ਉਡੀਕ ਕਰਨੀ ਪਿਆ ਕਰੇਗੀ। ਕੌਮੀ ਰਾਜਧਾਨੀ ’ਚ ਕਮਰਸ਼ੀਅਲ ਐੱਲਪੀਜੀ ਸਿਲੰਡਰ (19 ਕਿਲੋਗ੍ਰਾਮ) ਦੀ ਕੀਮਤ ਹੁਣ 1976.50 ਰੁਪਏ ਤੋਂ ਘਟ ਕੇ 1885 ਰੁਪਏ ਹੋ ਗਈ ਹੈ। ਘਰੇਲੂ ਰਸੋਈ ਗੈਸ ਦਾ ਸਿਲੰਡਰ (14.2 ਕਿਲੋਗ੍ਰਾਮ) 1053 ਰੁਪਏ ’ਚ ਹੀ ਮਿਲੇਗਾ। ਘਰਾਂ ’ਚ ਵਰਤੇ ਜਾਂਦੇ ਗੈਸ ਸਿਲੰਡਰਾਂ ਦੀ ਕਮਰਸ਼ੀਅਲ ਮਕਸਦ ਲਈ ਹੋ ਰਹੀ ਦੁਰਵਰਤੋਂ ਨੂੰ ਦੇਖਦਿਆਂ ਤੇਲ ਕੰਪਨੀਆਂ ਨੇ ਹੁਣ ਸਿਲੰਡਰ ਮੰਗਵਾਉਣ ਦੀ ਹੱਦ ਤੈਅ ਕਰਨੀ ਸ਼ੁਰੂ ਕਰ ਦਿੱਤੀ ਹੈ। 

ਭਾਰਤ ਪੈਟੋਰਲੀਅਮ ਕਾਰਪੋਰੇਸ਼ਨ ਲਿਮਟਿਡ ਵੱਲੋਂ 26 ਅਗਸਤ ਤੋਂ 15 ਦਿਨਾਂ ’ਚ ਇਕ ਹੀ ਸਿਲੰਡਰ ਭਰਿਆ ਜਾ ਰਿਹਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵੱਲੋਂ ਛੇਤੀ ਹੀ ਅਜਿਹੀ ਲਿਮਿਟ ਤੈਅ ਕੀਤੀ ਜਾ ਸਕਦੀ ਹੈ। ਉਧਰ ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਦੀ ਕੀਮਤ ’ਚ ਮਾਮੂਲੀ 0.7 ਫ਼ੀਸਦ ਦੀ ਕਟੌਤੀ ਕੀਤੀ ਗਈ ਹੈ। ਜੈੱਟ ਫਿਊਲ ਦੀ ਕੀਮਤ ’ਚ 874.13 ਪ੍ਰਤੀ ਕਿਲੋਲਿਟਰ ਦੀ ਕਟੌਤੀ ਹੋਈ ਹੈ। 

Add a Comment

Your email address will not be published. Required fields are marked *