ਗਡਕਰੀ ਨੇ ਟਾਟਾ ਸਮੂਹ ਨੂੰ ਨਾਗਪੁਰ ’ਚ ਨਿਵੇਸ਼ ਲਈ ਦਿੱਤਾ ਸੱਦਾ
ਮੁੰਬਈ–ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟਾਟਾ ਸਮੂਹ ਨੂੰ ਆਪਣੇ ਗ੍ਰਹਿ ਨਗਰ ਨਾਗਪੁਰ ਅਤੇ ਨੇੜੇ-ਤੇੜੇ ਦੇ ਖੇਤਰਾਂ ’ਚ ਨਿਵੇਸ਼ ਲਈ ਸੱਦਾ ਦਿੰਦੇ ਹੋਏ ਕਿਹਾ ਕਿ ਇਸ ਸ਼ਹਿਰ ’ਚ ਬੁਨਿਆਦੀ ਢਾਂਚਾ, ਜ਼ਮੀਨ ਦੀ ਉਪਲਬਧਤਾ ਅਤੇ ਸੰਪਰਕ ਵਰਗੀਆਂ ਸੂਹਲਤਾਂ ਮੌਜੂਦ ਹਨ। ਗਡਕਰੀ ਨੇ ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੂੰ 7 ਅਕਤੂਬਰ ਨੂੰ ਲਿਖੇ ਇਕ ਪੱਤਰ ’ਚ ਕਿਹਾ ਕਿ ਇਸਪਾਤ, ਵਾਹਨ, ਖਪਤਕਾਰ ਉਤਪਾਦ, ਆਈ. ਟੀ. ਸੇਵਾ ਅਤੇ ਹਵਾਬਾਜ਼ੀ ਖੇਤਰ ਦੀਆਂ ਟਾਟਾ ਸਮੂਹ ਦੀਆਂ ਕੰਪਨੀਆਂ ਆਪਣੇ ਨਿਵੇਸ਼ ਲਈ ਨਾਗਰਪੁਰ ਨੂੰ ਚੁਣ ਸਕਦੀਆਂ ਹਨ।
ਚੰਦਰਸ਼ੇਖਰਨ ਨੇ ਹਾਲ ਹੀ ’ਚ ਇਕ ਪ੍ਰੋਗਰਾਮ ’ਚ ਕਿਹਾ ਕਿ ਟਾਟਾ ਸਮੂਹ ਇਲੈਕਟ੍ਰਾਨਿਕਸ, ਨਵਿਆਉਣਯੋਗ ਊਰਜਾ, ਇਲੈਕਟ੍ਰਿਕ ਵਾਹਨਾਂ ਅਤੇ ਹੋਰ ਆਧੁਨਿਕ ਖੇਤਰਾਂ ’ਚ ਨਿਵੇਸ਼ ਦੀਆਂ ਸੰਭਾਵਨਾਵਾਂ ਲੱਭ ਰਿਹਾ ਹੈ ਅਤੇ ਇਸ ਲਈ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਮੀਡੀਆ ਨਾਲ ਸ਼ਨੀਵਾਰ ਨੂੰ ਸਾਂਝਾ ਕੀਤਾ ਗਿਆ ਇਹ ਪੱਤਰ ਅਜਿਹੇ ਸਮੇਂ ਲਿਖਿਆ ਗਿਆ ਹੈਜਦੋਂ ਕਈ ਵੱਡੀਆਂ ਯੋਜਨਾਵਾਂ ਮਹਾਰਾਸ਼ਟਰ ਦੇ ਹੱਥੋਂ ਨਿਕਲ ਕੇ ਗੁਜਰਾਤ ਕੋਲ ਜਾ ਰਹੀਆਂ ਹਨ। ਫਾਕਸਕਾਨ-ਵੇਦਾਂਤਾ ਗਠਜੋੜ ਦਾ 1.5 ਲੱਖ ਕਰੋੜ ਰੁਪਏ ਨਿਵੇਸ਼ ਵਾਲਾ ਸੈਮੀਕੰਡਕਟਰ ਪਲਾਂਟ ਮਹਾਰਾਸ਼ਟਰ ਤੋਂ ਗੁਜਰਾਤ ਚਲਾ ਗਿਆ। ਇਸ ਤੋਂ ਬਾਅਦ ਟਾਟਾ ਸਮੂਹ ਅਤੇ ਏਅਰਬਸ ਦੇ 22,000 ਕਰੋੜ ਰੁਪਏ ਨਿਵੇਸ਼ ਵਾਲੀ ਜਹਾਜ਼ ਨਿਰਮਾਣ ਯੋਜਨਾ ਦੇ ਵੀ ਮਹਾਰਾਸ਼ਟਰ ਤੋਂ ਗੁਜਰਾਤ ਜਾਣ ਦਾ ਐਲਾਨ ਕੀਤਾ ਗਿਆ ਹੈ।
ਇਸ ਪੱਤਰ ’ਚ ਗਡਕਰੀ ਨੇ ਕਿਹਾ ਕਿ ਮਲਟੀ-ਮੋਡਲ ਇੰਟਰਨੈਸ਼ਨਲ ਹੱਬ ਏਅਰਪੋਰਟ ਐਟ ਨਾਗਪੁਰ (ਮਿਹਾਨ) ਐੱਸ. ਈ. ਜੈੱਡ. ਅਤੇ ਗੈਰ-ਐੱਸ. ਈ. ਜੈੱਡ. ਖੇਤਰ ’ਚ 3,000 ਏਕੜ ਤੋਂ ਵੱਧ ਜ਼ਮੀਨ ਹੈ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ’ਚ ਕਈ ਕੰਪਨੀਆਂ ਨੇ ਆਪਣਾ ਆਧਾਰ ਬਣਾਇਆ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਟਾਟਾ ਸਟੀਲ, ਟਾਟਾ ਮੋਟਰਜ਼, ਟਾਟਾ ਕੰਜਿਊਮਰ ਪ੍ਰੋਡਕਟਸ, ਵੋਲਟਾਸ, ਟਾਈਟਨ ਇੰਡਸਟ੍ਰੀਜ਼, ਬਿੱਗ ਬਾਸਕੇਟ ਵਰਗੀਆਂ ਟਾਟਾ ਸਮੂਹ ਦੀਆਂ ਸਾਰੀਆਂ ਕੰਪਨੀਆਂ ਨਾਗਪੁਰ ’ਚ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਉਠਾ ਸਕਦੀਆਂ ਹਨ।

