ਪਾਕਿ ਵੱਲੋਂ ਹੜ੍ਹ ਰਾਹਤ ਕਾਰਜਾਂ ਲਈ ਕੌਮਾਂਤਰੀ ਮਦਦ ਮੰਗਣ ਦਾ ਫੈਸਲਾ

ਇਸਲਾਮਾਬਾਦ, 24 ਅਗਸਤ

ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਮੁੜ ਵਸੇਬਾ ਕਾਰਜਾਂ ਲਈ ਕੌਮਾਂਤਰੀ ਮਦਦ ਮੰਗਣ ਦਾ ਫ਼ੈਸਲਾ ਕੀਤਾ ਹੈ। ਹੜ੍ਹਾਂ ਕਾਰਨ ਦੇਸ਼ ਵਿੱਚ ਹੁਣ ਤੱਕ 800 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਅਤੇ ਹਜ਼ਾਰਾਂ ਦੇ ਬੇਘਰ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਆਫ਼ਤਾਂ ਨਾਲ ਨਜਿੱਠਣ ਲਈ ਕੰਮ ਕਰ ਰਹੀ ਉੱਚ ਬਾਡੀ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਵੱਲੋਂ ਹੜ੍ਹਾਂ ਸਬੰਧੀ ਹੰਗਾਮੀ ਸਥਿਤੀ ’ਤੇ ਮੰਗਲਵਾਰ ਨੂੰ ਜ਼ਰੂਰੀ ਜਾਣਕਾਰੀ ਦੇਣ ਦੌਰਾਨ ਇਹ ਫੈਸਲਾ ਲਿਆ ਗਿਆ। 

ਇੱਕ ਅਧਿਕਾਰਤ ਬਿਆਨ ਮੁਤਾਬਕ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ, ਮੁੜ ਵਸੇਬੇ ਤੇ ਨੁਕਸਾਨੇ ਗਏ ਘਰਾਂ ਦੀ ਮੁੜ ਉਸਾਰੀ ਲਈ ਕੌਮਾਂਤਰੀ ਪੱਧਰ ’ਤੇ ਅਪੀਲ ਕਰਨ ਦਾ ਫੈਸਲਾ ਕੀਤਾ ਹੈ। ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਦੇਸ਼ ਵਿੱਚ ਹੜ੍ਹ ਨਾਲ ਸਬੰਧਤ ਘਟਨਾਵਾਂ ਵਿੱਚ 830 ਜਣੇ ਮਾਰੇ ਗਏ ਹਨ ਅਤੇ ਘੱਟੋ-ਘੱਟ 1,348 ਲੋਕ ਜ਼ਖ਼ਮੀ ਹੋਏ ਹਨ। ਜਦਕਿ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਮਦਦ ਦੀ ਅਪੀਲ ਕਰਦਿਆਂ ਹੜ੍ਹ ਪੀੜਤ ਲੋਕਾਂ ਲਈ 25-25 ਹਜ਼ਾਰ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਸਹਾਇਤਾ ਲਈ 37.2 ਅਰਬ ਰੁਪਏ ਦੇਵੇਗੀ।

Add a Comment

Your email address will not be published. Required fields are marked *