ਅਪਰਾਧਾਂ ਨਾਲ ਨਜਿੱਠਣਾ ਰਾਜਾਂ ਤੇ ਕੇਂਦਰ ਦੀ ਜ਼ਿੰਮੇਵਾਰੀ: ਸ਼ਾਹ

ਨਵੀਂ ਦਿੱਲੀ, 27 ਅਕਤੂਬਰ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਹੱਦ ਪਾਰ ਅਪਰਾਧਾਂ ਦੇ ਅਸਰਦਾਰ ਟਾਕਰੇ ਲਈ ਰਾਜਾਂ ਤੇ ਕੇਂਦਰ ਦੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਨਰਿੰਦਰ ਮੋਦੀ ਸਰਕਾਰ ਨੂੰ ਅੰਦਰੂਨੀ ਸੁਰੱਖਿਆ ਨਾਲ ਜੁੜੇ ਸਾਰੇ ਮੋਰਚਿਆਂ ’ਤੇ ਰਿਕਾਰਡ ਸਫ਼ਲਤਾ ਮਿਲੀ ਹੈ। ਸ੍ਰੀ ਸ਼ਾਹ ‘ਦ੍ਰਿਸ਼ਟੀਕੋਣ 2047’ ਤੇ ‘ਪੰਚ ਪ੍ਰਣ’, ਜਿਨ੍ਹਾਂ ਦਾ ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦਿਹਾੜੇ ਦੀ ਆਪਣੀ ਤਕਰੀਰ ਵਿੱਚ ਐਲਾਨ ਕੀਤਾ ਸੀ, ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦੀ ਕਾਰਜ ਯੋਜਨਾ ਤਿਆਰ ਕਰਨ ਦੇ ਮੰਤਵ ਨਾਲ ਸੱਦੇ ਦੋ ਰੋਜ਼ਾ ‘ਚਿੰਤਨ ਸ਼ਿਵਿਰ’ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਤਿਵਾਦ ਦੇ ਟਾਕਰੇ ਦੀ ਰਣਨੀਤੀ ਵਜੋਂ 2024 ਤੱਕ ਸਾਰੇ ਰਾਜਾਂ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਦਫ਼ਤਰ ਹੋਣਗੇ।

ਸ਼ਾਹ ਨੇ ਕਿਹਾ, ‘‘ਸਾਡੇ ਸੰਵਿਧਾਨ ਵਿੱਚ ਕਾਨੂੰਨ ਤੇ ਵਿਵਸਥਾ ਰਾਜ ਦਾ ਵਿਸ਼ਾ ਹੈ, ਪਰ ਅਸੀਂ ਸਰਹੱਦ ਪਾਰ ਜਾਂ ਸਰਹੱਦ ਰਹਿਤ ਅਪਰਾਧਾਂ ਵਿਰੁੱਧ ਤਾਂ ਹੀ ਸਫਲ ਹੋ ਸਕਦੇ ਹਾਂ ਜਦੋਂ ਸਾਰੇ ਰਾਜ ਇਨ੍ਹਾਂ ’ਤੇ ਵਿਚਾਰ ਚਰਚਾ ਕਰਨ ਲਈ ਸਿਰ ਜੋੜ ਕੇ ਬੈਠਣ, ਇੱਕ ਸਾਂਝੀ ਰਣਨੀਤੀ ਬਣਾਉਣ ਤੇ ਇਨ੍ਹਾਂ (ਅਪਰਾਧਾਂ) ਨੂੰ ਰੋਕਣ ਲਈ ਯਤਨ ਕਰਨ।’’ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਰਾਜਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਉਹ ਸਮਾਜ ਨੂੰ ਡਰ ਤੇ ਖੌਫ਼ ਮੁਕਤ ਬਣਾਉਣ ਲਈ ਦੇਸ਼ ਦੀਆਂ ਸਰਹੱਦਾਂ ਜਾਂ ਰਾਜਾਂ ਦੀਆਂ ਸਰਹੱਦਾਂ ਜਾਂ ਖੇਤਰੀ ਅਪਰਾਧਾਂ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਣ। ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧਾਂ, ਨਸ਼ੀਲੇ ਪਦਾਰਥਾਂ ਅਤੇ ਸਰਹੱਦ ਪਾਰ ਅਤਿਵਾਦ ਦੇ ਮੁਕਾਬਲੇ ਲਈ ਰਣਨੀਤੀਆਂ ’ਤੇ ਚਰਚਾ ਕਰਨ ਅਤੇ ਕਾਨੂੰਨ ਵਿਵਸਥਾ ਲਈ ‘ਸ਼ਿਵਿਰ’ ਇੱਕ ਚੰਗਾ ਮੰਚ ਬਣ ਸਕਦਾ ਹੈ।

ਫੌਰੇਨ ਕੰਟਰੀਬਿਊਸ਼ਨ ਰੈਗੂਲੇਟਰੀ ਐਕਟ (ਐੱਫਸੀਆਰਏ) ਤੇ ਕੁਝ ਐੱਨਜੀਓ’ਜ਼ ਵੱਲੋਂ ਇਸ ਦੀ ਦੁਰਵਰਤੋਂ ਕੀਤੇ ਜਾਣ ਬਾਰੇ ਸ਼ਾਹ ਨੇ ਕਿਹਾ, ‘‘ਸਾਲ 2020 ਵਿੱਚ ਸਰਕਾਰ ਨੇ ਐੱਫਸੀਆਰਏ ਵਿੱਚ ਕੁਝ ਤਰਮੀਮਾਂ ਕਰਕੇ ਅਜਿਹੀਆਂ ਗੈਰ-ਸਰਕਾਰੀ ਜਥੇਬੰਦੀਆਂ ਨੂੰ ਵਿਦੇਸ਼ਾਂ ਤੋਂ ਆਉਂਦੀ ਫੰਡਿੰਗ ਰੋਕ ਕੇ ਸਖ਼ਤ ਕਾਰਵਾਈ ਕੀਤੀ ਸੀ।’’ ਰਾਜਾਂ ਦੇ ਗ੍ਰਹਿ ਮੰਤਰੀਆਂ ਤੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਾਲੇ ਸ਼ਿਵਰ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਹੋਵੇ, ਉੱਤਰ-ਪੂਰਬ ਜਾਂ ਫਿਰ ਨਸ਼ਾ ਤਸਕਰੀ, ਮੋਦੀ ਸਰਕਾਰ ਨੇ ਅੰਦਰੂਨੀ ਸੁਰੱਖਿਆ ਦੇ ਸਾਰੇ ਮੋਰਚਿਆਂ ’ਤੇ ਵੱਡੀ ਸਫ਼ਲਤਾ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਸਾਡੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਮੰਨਿਆ ਜਾਂਦਾ ਹੈ।’ ਸ਼ਾਹ ਨੇ ਕਿਹਾ ਕਿ ‘35,000 ਪੁਲੀਸ ਅਤੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੇ ਜਵਾਨਾਂ’ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਸਾਲ 2014 ਮਗਰੋਂ ਦਹਿਸ਼ਤੀ ਹਮਲਿਆਂ ਦੀਆਂ ਘਟਨਾਵਾਂ ’ਚ 74 ਫੀਸਦ ਅਤੇ ਅਤਿਵਾਦ ਨਾਲ ਜੁੜੀਆਂ ਹੱਤਿਆਵਾਂ ਵਿੱਚ 90 ਫੀਸਦ ਦਾ ਨਿਘਾਰ ਆਇਆ ਹੈ, ਜੋ ‘ਵੱਡੀ ਪ੍ਰਾਪਤੀ’ ਹੈ। ਸ਼ਾਹ ਨੇ ਕਿਹਾ ਕਿ ਧਾਰਾ 370 ਮਨਸੂਖ ਕੀਤੇ ਜਾਣ ਮਗਰੋਂ ਜੰਮੂ ਕਸ਼ਮੀਰ ਵਿੱਚ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ 2019 ਤੱਕ ਜੰਮੂ ਕਸ਼ਮੀਰ ਵਿੱਚ 19000 ਕਰੋੜ ਰੁਪਏ ਦਾ ਨਿਵੇਸ਼ ਜਦੋਂਕਿ ਪਿਛਲੇ ਤਿੰਨ ਸਾਲਾਂ ਵਿੱਚ 57000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਸਾਫ਼ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਸਫ਼ਲਤਾ ਦੇ ਪੰਧ ’ਤੇ ਪੈ ਚੁੱਕਾ ਹੈ। ਉਨ੍ਹਾਂ ਕਿਹਾ, ‘‘ਅਸੀਂ ਕੌਮੀ ਜਾਂਚ ਏਜੰਸੀ (ਐੱਨਆਈਏ) ਤੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਵਿੱਚ ਮਹੱਤਵਪੂਰਨ ਬਦਲਾਅ ਕਰਦਿਆਂ ਸੰਘੀ ਏਜੰਸੀਆਂ ਨੂੰ ਵਾਧੂ ਤਾਕਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇੰਡੀਅਨ ਪੀਨਲ ਕੋਡ (ਆਈਪੀਸੀ) ਤੇ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ (ਸੀਆਰਪੀਸੀ) ਵਿੱਚ ਸੋਧ ਲਈ ਵੱਡੀ ਗਿਣਤੀ ਤਜਵੀਜ਼ਾਂ ਮਿਲੀਆਂ ਹਨ। ‘ਜਲਦੀ ਹੀ ਸੀਆਰਪੀਸੀ ਤੇ ਆਈਪੀਸੀ ਬਾਰੇ ਨਵੇਂ ਖਰੜੇ ਸੰਸਦ ਵਿੱਚ ਲਿਆਂਦੇ ਜਾਣਗੇ।’

ਪ੍ਰਧਾਨ ਮੰਤਰੀ ਮੋਦੀ 28 ਅਕਤੂਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ‘ਚਿੰਤਨ ਸ਼ਿਵਿਰ’ ਨੂੰ ਸੰਬੋਧਨ ਕਰਨਗੇ। ਸਮਾਗਮ ਵਿੱਚ ਸਾਈਬਰ ਕ੍ਰਾਈਮ ਪ੍ਰਬੰਧਨ ਲਈ ਇੱਕ ਵਾਤਾਵਰਣ ਪ੍ਰਣਾਲੀ ਦੇ ਵਿਕਾਸ, ਪੁਲੀਸ ਬਲਾਂ ਦੇ ਆਧੁਨਿਕੀਕਰਨ, ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਸੂਚਨਾ ਤਕਨਾਲੋਜੀ ਦੀ ਵਰਤੋਂ ਵਿੱਚ ਵਾਧਾ, ਭੂਮੀ ਸਰਹੱਦ ਪ੍ਰਬੰਧਨ ਤੇ ਸਾਹਿਲੀ ਸੁਰੱਖਿਆ ਤੇ ਹੋਰ ਅੰਦਰੂਨੀ ਸੁਰੱਖਿਆ ਮਸਲਿਆਂ ’ਤੇ ਚਰਚਾ ਕੀਤੀ ਜਾਵੇਗੀ।

Add a Comment

Your email address will not be published. Required fields are marked *