ਭਾਜਪਾ ਨੇ ਮੇਰਾ ਅਹੁਦਾ ਤੇ ਘਰ ਖੋਹ ਲਿਆ, ਕੁਝ ਵੀ ਹੋ ਜਾਏ, ਮੈਂ ਦੇਸ਼ ਲਈ ਲੜਦਾ ਰਹਾਂਗਾ : ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਤੋਂ ਸੰਸਦ ਮੈਂਬਰ ਦਾ ਟੈਗ ਖੋਹ ਸਕਦੀ ਹੈ, ਰਿਹਾਇਸ਼ ਵਾਪਸ ਲੈ ਸਕਦੀ ਹੈ ਅਤੇ ਜੇਕਰ ਉਹ ਚਾਹੇ ਤਾਂ ਉਨ੍ਹਾਂ ਨੂੰ ਜੇਲ੍ਹ ‘ਚ ਵੀ ਸੁੱਟ ਸਕਦੀ ਹੈ ਪਰ ਉਨ੍ਹਾਂ ਨੂੰ ਜਨਤਾ ਦੀ ਪ੍ਰਤੀਨਿਧਤਾ ਕਰਨ ਤੇ ਉਸ ਦੀ ਆਵਾਜ਼ ਉਠਾਉਣ ਤੋਂ ਨਹੀਂ ਕਰ ਸਕਦੀ। ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਪਹਿਲੀ ਵਾਰ ਵਾਇਨਾਡ ਪਹੁੰਚੇ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਲੋਕ ਇੰਨੇ ਸਾਲਾਂ ਵਿੱਚ ਇਹ ਨਹੀਂ ਸਮਝ ਸਕੇ ਕਿ ਉਨ੍ਹਾਂ ਨੂੰ ਡਰਾਇਆ ਤੇ ਝੁਕਾਇਆ ਨਹੀਂ ਜਾ ਸਕਦਾ। ਵਾਇਨਾਡ ਦੇ ਇਸ ਇਕ ਦਿਨਾ ਦੌਰੇ ‘ਤੇ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਭੈਣ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ।

ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਇੱਥੇ ਇਕ ਜਨ ਸੰਪਰਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਤੇ ਫਿਰ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, “ਸੰਸਦ ਦਾ ਮੈਂਬਰ ਬਣਨਾ ਸਿਰਫ਼ ਇਕ ਟੈਗ, ਇਕ ਅਹੁਦਾ ਹੈ। ਭਾਜਪਾ ਟੈਗ ਲੈ ਸਕਦੀ ਹੈ, ਅਹੁਦਾ ਲੈ ਸਕਦੀ ਹੈ, ਘਰ ਖੋਹ ਸਕਦੀ ਹੈ, ਜੇਲ੍ਹ ‘ਚ ਸੁੱਟ ਸਕਦੀ ਹੈ ਪਰ ਮੈਨੂੰ ਵਾਇਨਾਡ ਦੀ ਨੁਮਾਇੰਦਗੀ ਕਰਨ ਤੋਂ ਨਹੀਂ ਰੋਕ ਸਕਦੀ।” ਉਨ੍ਹਾਂ ਕਿਹਾ, “ਵਾਇਨਾਡ ਦੇ ਲੋਕ ਅਜਿਹੇ ਦੇਸ਼ ‘ਚ ਰਹਿਣਾ ਚਾਹੁੰਦੇ ਹਨ ਜੋ ਆਜ਼ਾਦ ਹੋਵੇ, ਜਿੱਥੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੀ ਮਰਜ਼ੀ ਅਨੁਸਾਰ ਪੜ੍ਹਾਈ ਕਰਨ ਦੀ ਆਜ਼ਾਦੀ ਹੋਵੇ, ਜਿੱਥੇ ਕਿਸਾਨ ਆਪਣੇ ਪੁੱਤਰ ਨੂੰ ਇੰਜੀਨੀਅਰ ਬਣਨ ਦੇ ਸੁਪਨੇ ਲੈ ਸਕਦਾ ਹੋਵੇ।”

ਰਾਹੁਲ ਗਾਂਧੀ ਨੇ ਕਿਹਾ, ”ਮੈਂ ਕਈ ਸਾਲਾਂ ਤੋਂ ਭਾਜਪਾ ਨਾਲ ਲੜ ਰਿਹਾ ਹਾਂ ਪਰ ਹੈਰਾਨੀ ਦੀ ਗੱਲ ਹੈ ਕਿ ਉਹ ਆਪਣੇ ਵਿਰੋਧੀ ਨੂੰ ਸਮਝ ਨਹੀਂ ਸਕੇ। ਉਹ ਇਹ ਨਹੀਂ ਸਮਝਦੇ ਕਿ ਉਨ੍ਹਾਂ ਦਾ ਵਿਰੋਧੀ ਡਰਨ ਵਾਲਾ ਨਹੀਂ ਹੈ। ਉਹ ਸੋਚਦੇ ਹਨ ਕਿ ਮੇਰੇ ਘਰ ਪੁਲਸ ਭੇਜਣ ‘ਤੇ ਮੈਂ ਡਰ ਜਾਵਾਂਗਾ, ਘਰ ਖੋਹ ਲੈਣ ‘ਤੇ ਮੈਂ ਪ੍ਰੇਸ਼ਾਨ ਹੋ ਜਾਵਾਂਗਾ। ਮੈਂ ਖੁਸ਼ ਹਾਂ ਕਿ ਉਹ ਘਰ ਲੈ ਗਏ।” ਉਨ੍ਹਾਂ ਕਿਹਾ, “ਮੈਂ ਦੇਖਿਆ ਹੈ ਕਿ ਜਦੋਂ ਵਾਇਨਾਡ ਵਿੱਚ ਹੜ੍ਹ ਆਉਂਦਾ ਹੈ, ਬਹੁਤ ਸਾਰੇ ਲੋਕ ਆਪਣੇ ਘਰ ਗੁਆ ਦਿੰਦੇ ਹਨ। ਮੈਂ ਤੁਹਾਡੇ ਕੋਲੋਂ ਸਿੱਖਿਆ ਹੈ। ਮੇਰਾ ਘਰ 100 ਵਾਰ ਖੋਹ ਲਓ, ਮੈਨੂੰ ਕੋਈ ਪ੍ਰਵਾਹ ਨਹੀਂ। ਮੈਂ ਵਾਇਨਾਡ ਅਤੇ ਭਾਰਤ ਦੇ ਲੋਕਾਂ ਦੇ ਮੁੱਦੇ ਉਠਾਉਂਦਾ ਰਹਾਂਗਾ।”

ਰਾਹੁਲ ਗਾਂਧੀ ਨੇ ਦਾਅਵਾ ਕੀਤਾ, “ਭਾਜਪਾ ਲੋਕਾਂ ਨੂੰ ਵੰਡਦੀ ਹੈ, ਲੋਕਾਂ ਨੂੰ ਲੜਾਉਂਦੀ ਹੈ, ਧਮਕੀਆਂ ਦਿੰਦੀ ਹੈ। ਮੈਂ ਲੋਕਾਂ ਨੂੰ ਜੋੜਨ ਦਾ ਕੰਮ ਕਰਦਾ ਰਹਾਂਗਾ। ਮੈਂ ਸਾਰੇ ਧਰਮਾਂ, ਫਿਰਕਿਆਂ ਅਤੇ ਵਿਚਾਰਾਂ ਨੂੰ ਇਕੱਠਾ ਕਰਾਂਗਾ। ਤੁਸੀਂ (ਭਾਜਪਾ) ਚਾਹੇ ਕਿੰਨੇ ਵੀ ਬੇਰਹਿਮ ਹੋ ਜਾਓ, ਮੈਂ ਤੁਹਾਡੇ ‘ਤੇ ਦਿਆਲੂ ਰਹਾਂਗਾ।” ਉਨ੍ਹਾਂ ਅਨੁਸਾਰ ਭਾਜਪਾ ਇਕ ਦ੍ਰਿਸ਼ਟੀਕੋਣ ਦੀ ਪ੍ਰਤੀਨਿਧਤਾ ਕਰਦੀ ਹੈ, ਕਾਂਗਰਸ ਦੂਜੇ ਦ੍ਰਿਸ਼ਟੀਕੋਣ ਦੀ ਪ੍ਰਤੀਨਿਧਤਾ ਕਰਦੀ ਹੈ। ਉਨ੍ਹਾਂ ਕਿਹਾ, ”ਇਹ ਨਾ ਸੋਚੋ ਕਿ ਤੁਹਾਡੇ ਨਾਲ ਮੇਰਾ ਰਿਸ਼ਤਾ ਬਦਲਣ ਵਾਲਾ ਹੈ।” ਰਾਹੁਲ ਗਾਂਧੀ ਨੇ ਕਿਹਾ, ”ਮੈਂ ਕੀ ਕੀਤਾ ਹੈ? ਮੈਂ ਸੰਸਦ ਵਿੱਚ ਗੌਤਮ ਅਡਾਨੀ ਦਾ ਮੁੱਦਾ ਉਠਾਇਆ।”

ਮੈਂ ਇਹ ਦਿਖਾਉਣ ਲਈ ਮੀਡੀਆ ਰਿਪੋਰਟਾਂ ਦੀ ਵਰਤੋਂ ਕੀਤੀ ਕਿ ਕਿਵੇਂ ਅਡਾਨੀ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ, ਮੈਂ ਦਿਖਾਇਆ ਕਿ ਕਿਵੇਂ ਇਜ਼ਰਾਈਲ ਨਾਲ ਰੱਖਿਆ ਸਬੰਧ ਬਦਲੇ ਗਏ, ਵਿਦੇਸ਼ ਨੀਤੀ ਕਿਵੇਂ ਬਦਲੀ ਗਈ? ਮੈਂ ਪੁੱਛਿਆ ਅਡਾਨੀ ਨਾਲ ਤੁਹਾਡਾ ਕੀ ਰਿਸ਼ਤਾ ਹੈ? ਪ੍ਰਧਾਨ ਮੰਤਰੀ ਨੇ ਕੋਈ ਜਵਾਬ ਨਹੀਂ ਦਿੱਤਾ।” ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਸੰਸਦ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਰਾਹੁਲ ਗਾਂਧੀ ਨੇ ਦਾਅਵਾ ਕੀਤਾ, “ਮੰਤਰੀਆਂ ਨੇ ਸਦਨ ਦੇ ਅੰਦਰ ਮੇਰੇ ਬਾਰੇ ਝੂਠ ਬੋਲਿਆ। ਜਦੋਂ ਕਿਸੇ ਮੈਂਬਰ ਬਾਰੇ ਸਵਾਲ ਉਠਾਇਆ ਜਾਂਦਾ ਹੈ ਤਾਂ ਉਸ ਨੂੰ ਜਵਾਬ ਦੇਣ ਦਾ ਮੌਕਾ ਮਿਲਣਾ ਚਾਹੀਦਾ ਹੈ। ਮੈਂ ਲੋਕ ਸਭਾ ਸਪੀਕਰ ਨੂੰ 2 ਚਿੱਠੀਆਂ ਲਿਖੀਆਂ ਅਤੇ ਉਨ੍ਹਾਂ ਦੇ ਦਫ਼ਤਰ ਗਿਆ ਤੇ ਪੁੱਛਿਆ ਕਿ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਵਿਕਲਪ ਨਹੀਂ ਹੈ।

ਉਨ੍ਹਾਂ ਕਿਹਾ, “ਸੰਸਦ ਨੂੰ ਬੰਦ ਕਰ ਦਿੱਤਾ ਗਿਆ, ਮੈਨੂੰ ਜਵਾਬ ਦੇਣ ਦਾ ਮੌਕਾ ਨਹੀਂ ਦਿੱਤਾ ਗਿਆ। ਸਰਕਾਰ ਮੇਰੇ ਸਵਾਲਾਂ ਤੋਂ ਬੇਚੈਨ ਹੋ ਗਈ ਅਤੇ ਮੈਨੂੰ ਸੰਸਦ ਤੋਂ ਬਾਹਰ ਕੱਢਵਾ ਦਿੱਤਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਨੇ ਮੈਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ।” ਰਾਹੁਲ ਗਾਂਧੀ ਨੇ ਕਿਹਾ, ”ਜਿੰਨਾ ਜ਼ਿਆਦਾ ਉਹ ਮੇਰੇ ‘ਤੇ ਹਮਲਾ ਕਰਦੇ ਹਨ, ਓਨਾ ਹੀ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਨੂੰ ਇਹੀ ਰਾਹ ਤੁਰਨਾ ਹੈ। ਮੈਂ ਰੁਕਣ ਵਾਲਾ ਨਹੀਂ ਹਾਂ, ਇਸ ਦਾ ਕਾਰਨ ਇੱਥੋਂ ਦੇ ਲੋਕਾਂ ਅਤੇ ਦੇਸ਼ ਦੇ ਲੋਕਾਂ ਨਾਲ ਮੇਰਾ ਰਿਸ਼ਤਾ ਹੈ।

Add a Comment

Your email address will not be published. Required fields are marked *