ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਉਣ ਤੋਂ ਇਨਕਾਰ ਕਰਨ ਦੇ ਦੋਸ਼ ’ਚ 19 ਲੋਕ ਗ੍ਰਿਫ਼ਤਾਰ
![](http://mehakewattan.com/wp-content/uploads/2022/10/2019_4image_16_47_499794027polio-ll.jpg)
ਗੁਰਦਾਸਪੁਰ /ਪਾਕਿਸਤਾਨ – ਜਿੱਥੇ ਪੂਰਾ ਵਿਸ਼ਵ ਪੋਲਿਓ ਤੋਂ ਮੁਕਤ ਹੋ ਚੁੱਕਾ ਹੈ, ਉੱਥੇ ਪਾਕਿਸਤਾਨ ’ਚ ਪੋਲਿਓ ਦੇ ਕਈ ਕੇਸ ਮਿਲਣ ਦੇ ਕਾਰਨ ਪਾਕਿਸਤਾਨ ਸਰਕਾਰ ਦੀ ਵਿਸ਼ਵ ਭਰ ’ਚ ਬਦਨਾਮੀ ਹੋ ਰਹੀ ਹੈ। ਪਾਕਿਸਤਾਨ ਸਰਕਾਰ ਨੇ ਪੋਲਿਓ ਟੀਕਾਕਰਨ ਸਬੰਧੀ ਵਿਸ਼ਵ ਹੈਲਥ ਆਰਗੇਨਾਈਜੇਸ਼ਨ ਨੂੰ ਗਲਤ ਆਂਕੜੇ ਦੇ ਕੇ ਗੁੰਮਰਾਹ ਵੀ ਕੀਤਾ। ਇਸ ਕਾਰਨ ਪੋਲਿਓ ਨੇ ਪਾਕਿਸਤਾਨ ਵਿਚ ਫਿਰ ਦਸਤਕ ਦੇ ਦਿੱਤੀ ਹੈ। ਇਸ ਸਬੰਧੀ ਪਾਕਿਸਤਾਨ ਵਿਚ ਫਿਰ ਪੋਲਿਓ ਬੂੰਦਾਂ ਪਿਲਾਉਣ ਦਾ ਕੰਮ ਸ਼ੁਰੂ ਹੋਇਆ ਹੈ।
ਸੂਤਰਾਂ ਅਨੁਸਾਰ ਪਾਕਿਸਤਾਨ ’ਚ ਅਣਪੜ੍ਹਤਾ ਦੇ ਚੱਲਦੇ ਲੋਕ ਆਪਣੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਤੋਂ ਇਨਕਾਰ ਕਰ ਰਹੇ ਹਨ। ਅਜਿਹਾ ਹੀ ਮਾਮਲਾ ਲੋਅਰ ਵਜੀਰੀਸਤਾਨ ਦੇ ਸਕਾਈ ਇਲਾਕੇ ’ਚ ਸਾਹਮਣੇ ਆਇਆ। ਜਿੱਥੇ ਪੋਲਿਓ ਬੂੰਦਾਂ ਪਿਲਾਉਣ ਗਈ ਟੀਮ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਆਪਣੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਇਸਲਾਮ ਦੇ ਖ਼ਿਲਾਫ਼ ਹੈ। ਪੋਲਿਓ ਬੂੰਦਾਂ ਦਾ ਵਿਰੋਧ ਕਰਨ ਵਾਲੇ 19 ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।