ਘਰ ‘ਚ ਇਕੱਲੀ ਸੀ ਔਰਤ, ਲੁਟੇਰਿਆਂ ਨੇ ਹਮਲਾ ਕਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਗੁਰਦਾਸਪੁਰ : ਬਟਾਲਾ ਦੇ ਇਤਿਹਾਸਕ ਗੁਰਦੁਆਰਾ ਡੇਰਾ ਸਾਹਿਬ ਨਜ਼ਦੀਕ ਸ਼ਹਿਰ ਦੇ ਅੰਦੂਰਨੀ ਮੁਹੱਲੇ ‘ਚ ਮੰਗਲਵਾਰ ਸ਼ਾਮ ਘਰ ‘ਚ ਦਾਖਲ ਹੋ ਕੇ ਅਣਪਛਾਤੇ 6 ਦੇ ਕਰੀਬ ਨੌਜਵਾਨਾਂ ਵੱਲੋਂ ਘਰ ‘ਚ ਮੌਜੂਦ ਇਕੱਲੀ ਔਰਤ ਨੂੰ ਜ਼ਖ਼ਮੀ ਕਰ 1 ਲੱਖ 76 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਲੁੱਟ ਕੇ ਲੁਟੇਰੇ ਫਰਾਰ ਹੋ ਗਏ। ਉਥੇ ਹੀ ਗੰਭੀਰ ਜ਼ਖ਼ਮੀ ਹੋਈ ਘਰ ਦੀ ਮਾਲਕਣ ਨੂੰ ਪਰਿਵਾਰ ਨੇ ਹਸਪਤਾਲ ਦਾਖਲ ਕਰਵਾਇਆ ਹੈ। ਉਧਰ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। 

ਵਾਰਦਾਤ ਬਾਰੇ ਘਰ ਦੇ ਮਾਲਕ ਮੋਹਨ ਲਾਲ ਨੇ ਦੱਸਿਆ ਕਿ ਉਸ ਦੀ ਪਤਨੀ ਕਾਮਨੀ ਸ਼ਾਮ ਨੂੰ ਮੰਦਰ ਮੱਥਾ ਟੇਕਣ ਗਈ ਸੀ ਅਤੇ ਨੂੰਹ ਦਿਸ਼ਾ ਘਰ ‘ਚ ਇਕੱਲੀ ਸੀ। ਜਦ ਪਤਨੀ ਵਾਪਸ ਘਰ ਆਈ ਤਾਂ ਦੇਖਿਆ ਕਿ ਨੂੰਹ ਦਿਸ਼ਾ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਜ਼ਮੀਨ ‘ਤੇ ਪਈ ਸੀ, ਜਦਕਿ ਘਰ ‘ਚ ਅਲਮਾਰੀਆਂ ‘ਚੋਂ ਸਾਮਾਨ ਖਿੱਲਰਿਆ ਹੋਇਆ ਸੀ। ਇਹ ਦੇਖ ਕੇ ਉਸ ਨੇ ਰੌਲਾ ਪਾਇਆ ਤਾਂ ਗੁਆਂਢੀਆਂ ਅਤੇ ਪਰਿਵਾਰ ਦੇ ਹੋਰ ਮੈਂਬਰ ਜਦ ਮੌਕੇ ‘ਤੇ ਪਹੁੰਚੇ ਤਾਂ ਜ਼ਖ਼ਮੀ ਹਾਲਤ ‘ਚ ਦਿਸ਼ਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮੋਹਨ ਲਾਲ ਤੇ ਉਸ ਦੀ ਪਤਨੀ ਕਾਮਨੀ ਮੁਤਾਬਕ ਉਨ੍ਹਾਂ ਦੇ ਘਰ 6 ਅਣਪਛਾਤੇ ਲੋਕਾਂ ਨੇ ਲੁੱਟ ਦੀ ਨੀਅਤ ਨਾਲ ਉਨ੍ਹਾਂ ਦੀ ਨੂੰਹ ਨੂੰ ਜ਼ਖ਼ਮੀ ਕੀਤਾ ਅਤੇ ਬੰਧਕ ਬਣਾ ਕੇ ਲੁਟੇਰੇ 1 ਲੱਖ 76 ਹਜ਼ਾਰ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।

ਉਧਰ ਮੌਕੇ ‘ਤੇ ਪਹੁੰਚੇ ਪੁਲਸ ਜ਼ਿਲ੍ਹਾ ਬਟਾਲਾ ਦੇ ਡੀਐੱਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਾਰਦਾਤ ਦੀ ਸੂਚਨਾ ਮਿਲੀ ਤਾਂ ਉਹ ਆਪਣੀ ਪੁਲਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਵੀ ਕੀਤਾ।

Add a Comment

Your email address will not be published. Required fields are marked *