ਝੂਠ ਤੇ ਨਫ਼ਰਤ ਦਾ ਪ੍ਰਬੰਧ ਤੋੜੇਗੀ ਕਾਂਗਰਸ: ਖੜਗੇ
ਨਵੀਂ ਦਿੱਲੀ, 26 ਅਕਤੂਬਰ
ਸੀਨੀਅਰ ਆਗੂ ਮਲਿਕਾਰਜੁਨ ਖੜਗੇ (80) ਨੇ ਅੱਜ ਕਾਂਗਰਸ ਪ੍ਰਧਾਨ ਦਾ ਅਹੁਦਾ ਰਸਮੀ ਤੌਰ ’ਤੇ ਸੰਭਾਲ ਲਿਆ ਹੈ। ਇਸ ਮੌਕੇ ਆਪਣੇ ਸੰਬੋਧਨ ’ਚ ਖੜਗੇ ਨੇ ਕਿਹਾ ਕਿ ਪਾਰਟੀ ਮੌਜੂਦਾ ਸਰਕਾਰ ਅਧੀਨ ਚੱਲ ਰਹੇ ‘ਝੂਠ ਅਤੇ ਨਫ਼ਰਤ’ ਦੇ ਪ੍ਰਬੰਧ ਨੂੰ ਤੋੜੇਗੀ। ਸ੍ਰੀ ਖੜਗੇ 24 ਸਾਲਾਂ ਬਾਅਦ ਪਹਿਲੇ ਗ਼ੈਰ-ਗਾਂਧੀ ਆਗੂ ਹਨ ਜਿਨ੍ਹਾਂ ਸਿੱਧੇ ਮੁਕਾਬਲੇ ’ਚ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਹਰਾ ਕੇ ਕਾਂਗਰਸ ਦੀ ਪ੍ਰਧਾਨਗੀ ਹਾਸਲ ਕੀਤੀ ਹੈ। ਇਥੇ ਪਾਰਟੀ ਦੇ ਮੁੱਖ ਦਫ਼ਤਰ ’ਤੇ ਕਾਂਗਰਸ ਪ੍ਰਧਾਨ ਵਜੋਂ ਜਿੱਤ ਦਾ ਸਰਟੀਫਿਕੇਟ ਹਾਸਲ ਕਰਨ ਮਗਰੋਂ ਖੜਗੇ ਨੇ ਕਿਹਾ ਕਿ ਇਹ ਉਨ੍ਹਾਂ ਲਈ ਭਾਵੁਕ ਪਲ ਹੈ ਅਤੇ ਉਹ ਕਾਂਗਰਸ ਆਗੂਆਂ ਨੂੰ ਧੰਨਵਾਦ ਦਿੰਦੇ ਹਨ ਜਿਨ੍ਹਾਂ ਇਕ ਮਜ਼ਦੂਰ ਦੇ ਪੁੱਤਰ ਅਤੇ ਸਾਧਾਰਨ ਵਰਕਰ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ। ‘ਮੈਂ ਜਾਣਦਾ ਹਾਂ ਕਿ ਇਹ ਮੁਸ਼ਕਲ ਸਮਾਂ ਹੈ ਅਤੇ ਕਾਂਗਰਸ ਵੱਲੋਂ ਸਥਾਪਤ ਲੋਕਤੰਤਰ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।’ ਸ੍ਰੀ ਖੜਗੇ ਨੇ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਲਈ ਰਾਹੁਲ ਗਾਂਧੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਦੇਸ਼ ’ਚ ਨਵੀਂ ਜਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਉਦੈਪੁਰ ਐਲਾਨਨਾਮੇ ਦੀਆਂ ਤਜਵੀਜ਼ਾਂ ਜਿਵੇਂ 50 ਫ਼ੀਸਦੀ ਅਹੁਦੇ 50 ਸਾਲ ਤੋਂ ਘੱਟ ਉਮਰ ਦੇ ਆਗੂਆਂ ਨੂੰ ਦੇਣ, ਜਥੇਬੰਦਕ ਅਹੁਦੇ ਭਰਨ, ਚੋਣ ਪ੍ਰਬੰਧ ਵਿਭਾਗ ਸਥਾਪਤ ਕਰਨ ਅਤੇ ਸੂਬਿਆਂ ’ਚ ਸਿਆਸੀ ਮਾਮਲਿਆਂ ਬਾਰੇ ਕਮੇਟੀਆਂ ਬਣਾਉਣ ਆਦਿ ਨੂੰ ਲਾਗੂ ਕੀਤਾ ਜਾਵੇਗਾ। ਖੜਗੇ ਨੇ ਕਿਹਾ,‘‘ਇਹ ਕਿਹੋ ਜਿਹਾ ਨਵਾਂ ਭਾਰਤ ਹੈ ਜਿਥੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹਨ, ਕਿਸਾਨਾਂ ਨੂੰ ਜੀਪਾਂ ਹੇਠ ਦਰੜਿਆ ਜਾ ਰਿਹਾ ਹੈ, ਮਹਿਲਾਵਾਂ ਖ਼ਿਲਾਫ਼ ਵਧੀਕੀਆਂ ਵਧ ਰਹੀਆਂ ਹਨ, ਲੋਕ ਮਹਿੰਗਾਈ ਹੇਠ ਦੱਬੇ ਹੋਏ ਹਨ ਪਰ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ ਅਤੇ ਉਹ ਸਿਰਫ਼ ਆਪਣੇ ਪੂੰਜੀਪਤੀ ਦੋਸਤਾਂ ਦੀ ਸਹਾਇਤਾ ਕਰਰਹੀ ਹੈ।’’ ਉਨ੍ਹਾਂ ਕਿਹਾ ਕਿ ਇਸ ਨਵੇਂ ਭਾਰਤ ’ਚ ਭੁੱਖਮਰੀ, ਅਨਪੜ੍ਹਤਾ ਅਤੇ ਪ੍ਰਦੂਸ਼ਣ ਵਧ ਰਿਹਾ ਹੈ। ‘ਸਰਕਾਰ ਸੁੱਤੀ ਪਈ ਹੈ ਪਰ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਾਲੇ ਦਬਾਉਣ ਲਈ 24 ਘੰਟੇ ਕੰਮ ਕਰ ਰਹੇ ਹਨ। ਨਵੇਂ ਭਾਰਤ ’ਚ ਦਲਿਤਾਂ, ਘੱਟ ਗਿਣਤੀਆਂ ਅਤੇ ਨਪੀੜੇ ਲੋਕਾਂ ਦਾ ਅਪਮਾਨ ਕੀਤਾ ਜਾ ਰਿਹਾ ਅਤੇ ਉਨ੍ਹਾਂ ਤੋਂ ਮੌਕੇ ਖੋਹੇ ਜਾ ਰਹੇ ਹਨ। ਗੋਡਸੇ ਨੂੰ ਦੇਸ਼ਭਗਤ ਅਤੇ ਗਾਂਧੀ ਨੂੰ ਦੇਸ਼ਧ੍ਰੋਹੀ ਆਖਿਆ ਜਾ ਰਿਹਾ ਹੈ। ਬਾਬਾਸਾਹਿਬ ਦੇ ਸੰਵਿਧਾਨ ਨੂੰ ਬਦਲ ਕੇ ਸੰਘ ਦਾ ਸੰਵਿਧਾਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ (ਭਾਜਪਾ) ਕਾਂਗਰਸ ਮੁਕਤ ਭਾਰਤ ਬਣਾਉਣਾ ਚਾਹੁੰਦੇ ਹਨ ਪਰ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ। ਸਮਾਗਮ ਦੌਰਾਨ ਸੋਨੀਆ ਗਾਂਧੀ ਤੋਂ ਇਲਾਵਾ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਹੋਰ ਕਈ ਪਾਰਟੀ ਆਗੂ ਹਾਜ਼ਰ ਸਨ। ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਖੜਗੇ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਜਵਾਹਰਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ ਅਤੇ ਜਗਜੀਵਨ ਰਾਮ ਦੀਆਂ ਯਾਦਗਾਰਾਂ ’ਤੇ ਜਾ ਕੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।

