ਹੁਣ ਸਾਊਥ ਫ਼ਿਲਮ ਇੰਡਸਟਰੀ ‘ਚ ਮਹਿੰਦਰ ਸਿੰਘ ਧੋਨੀ ਦੀ ਐਂਟਰੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਮਦਾਰ ਬੱਲੇਬਾਜ਼ ਐੱਮ. ਐੱਸ. ਧੋਨੀ ਨੇ ਕ੍ਰਿਕਟ ਦੀ ਦੁਨੀਆ ’ਚ ਖ਼ਾਸ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਫ਼ਿਲਮੀ ਦੁਨੀਆ ’ਚ ਐਂਟਰੀ ਕਰ ਲਈ ਹੈ। ਖ਼ਬਰਾਂ ਮੁਤਾਬਕ, ਮਹਿੰਦਰ ਸਿੰਘ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਦਾ ਪ੍ਰੋਡਕਸ਼ਨ ਹਾਊਸ ਧੋਨੀ ਇੰਟਰਟੇਨਮੈਂਟ ਇਕ ਤਾਮਿਲ ਫੀਚਰ ਫ਼ਿਲਮ ਬਣਾਉਣ ਜਾ ਰਿਹਾ ਹੈ ਅਤੇ ਇਹ ਫ਼ਿਲਮ ਜਲਦ ਹੀ ਫਲੋਰ ’ਤੇ ਆਉਣ ਵਾਲੀ ਹੈ। ਐੱਮ. ਐੱਸ. ਧੋਨੀ. ਦੇ ਪ੍ਰੋਡਕਸ਼ਨ ਹਾਊਸ ਨੇ ਦੀਵਾਲੀ ਦੇ ਮੌਕੇ ’ਤੇ ਇਕ ਪ੍ਰੈੱਸ ਨੋਟ ਸਾਂਝਾ ਕੀਤਾ, ਜਿਸ ‘ਚ ਕਿਹਾ ਗਿਆ ਹੈ ਕਿ ਧੋਨੀ ਪ੍ਰੋਡਕਸ਼ਨ ਤਾਮਿਲ ‘ਚ ਆਪਣੀ ਪਹਿਲੀ ਪਰਿਵਾਰਕ ਡਰਾਮਾ ਫੀਚਰ ਫ਼ਿਲਮ ਬਣਾਉਣ ਜਾ ਰਿਹਾ ਹੈ। ਫ਼ਿਲਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਜਲਦ ਹੀ ਨਿਰਮਾਤਾਵਾਂ ਵੱਲੋਂ ਇਸ ਫੈਮਿਲੀ ਡਰਾਮਾ ਫ਼ਿਲਮ ਦੀ ਕਾਸਟ ਅਤੇ ਕਰੂ ਦਾ ਐਲਾਨ ਕੀਤਾ ਜਾਵੇਗਾ। ਇਸ ਪਰਿਵਾਰਕ ਡਰਾਮਾ ਫ਼ਿਲਮ ਦਾ ਨਿਰਦੇਸ਼ਨ ਰਮੇਸ ਥਮਿਲਮਨੀ ਵੱਲੋਂ ਕੀਤਾ ਜਾਵੇਗਾ, ਜਿਸ ਨੇ ‘ਅਥਰਵ-ਦਿ ਓਰਿਜ਼ਿਨ’ ਨਾਂ ਦਾ ਇਕ ਗ੍ਰਾਫਿਕ ਨਾਵਲ ਵੀ ਲਿਖਿਆ ਹੈ।

ਦੱਸ ਦਈਏ ਕਿ ਫ਼ਿਲਮ ਬਾਰੇ ਗੱਲ ਕਰਦਿਆਂ ਰਮੇਸ਼ ਥਮਿਲਮਨੀ ਨੇ ਕਿਹਾ, ”ਜਦੋਂ ਮੈਂ ਧੋਨੀ ਦੇ ਇਸ ਕੰਸੈਪਟ ਨੂੰ ਪੜ੍ਹਿਆ ਤਾਂ ਮੈਨੂੰ ਇਹ ਬਿਲਕੁਲ ਨਵਾਂ ਅਤੇ ਖ਼ਾਸ ਲੱਗਿਆ। ਇਸ ਸੰਕਲਪ ‘ਚ ਫੈਮਿਲੀ ਡਰਾਮੇ ਦੀਆਂ ਬਹੁਤ ਉਮੀਦਾਂ ਹਨ। ਇਹ ਬਿਲਕੁਲ ਨਵਾਂ ਆਈਡੀਆ ਹੈ। ਉੱਥੇ ਹੀ ਇਸ ਤਾਮਿਲ ਫ਼ਿਲਮ ਤੋਂ ਇਲਾਵਾ ਧੋਨੀ ਦਾ ਪ੍ਰੋਡਕਸ਼ਨ ਹਾਊਸ ਸਾਇੰਸ ਫਿਕਸ਼ਨ, ਕਾਮੇਡੀ, ਕ੍ਰਾਈਮ, ਸਸਪੈਂਸ ਥਿ੍ਰਲਰ ਸਮੇਤ ਕਈ ਹੋਰ ਰੋਮਾਂਚਕ ਸਮੱਗਰੀ ਵਾਲੀਆਂ ਫ਼ਿਲਮਾਂ ’ਤੇ ਕਈ ਫ਼ਿਲਮ ਨਿਰਮਾਤਾਵਾਂ ਅਤੇ ਸਕ੍ਰਿਪਟ ਲੇਖਕਾਂ ਨਾਲ ਗੱਲਬਾਤ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਨੇ 25 ਜਨਵਰੀ 2019 ਨੂੰ ਆਪਣੀ ਇੰਟਰਟੇਨਮੈਂਟ ਕੰਪਨੀ ਬਣਾਈ ਸੀ। ਉਸ ਦੇ ਪ੍ਰੋਡਕਸ਼ਨ ਹਾਊਸ ਨੇ ਹੁਣ ਤਕ ਤਿੰਨ ਲਘੂ ਫ਼ਿਲਮਾਂ ਬਣਾਈਆਂ ਹਨ, ਜਿਸ ‘ਚ ‘ਰੋਰ ਆਫ ਦਿ ਲਾਈਨ’, ‘ਬਿਲੇਜ ਟੂ ਗਲੋਰੀ’ ਅਤੇ ‘ਦਿ ਹਿਡਨ ਹਿੰਦੂ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ।

Add a Comment

Your email address will not be published. Required fields are marked *