ਦੀਵਾਲੀ ਦੀ ਰਾਤ ਡੇਢ ਦਰਜਨ ਤੋਂ ਵੱਧ ਥਾਵਾਂ ’ਤੇ ਲੱਗੀ ਅੱਗ

ਅੰਮ੍ਰਿਤਸਰ – ਦੀਵਾਲੀ ਵਾਲੀ ਰਾਤ ਸ਼ਹਿਰ ਵਿਚ ਡੇਢ ਦਰਜਨ ਦੇ ਕਰੀਬ ਥਾਵਾਂ ’ਤੇ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਤੁਰੰਤ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਟੀਮਾਂ ਅੱਗ ਬੁਝਾਉਣ ਲਈ ਪਹੁੰਚ ਗਈਆਂ, ਜਿਸ ਵਿਚ ਸੇਵਾ ਸੰਮਤੀ ਦੀਆਂ ਟੀਮਾਂ ਵੀ ਕੰਮ ਕਰ ਰਹੀਆਂ ਹਨ। ਵੱਲਾ ਸਬਜ਼ੀ ਮੰਡੀ ਵਿਚ ਅੱਗ ਲੱਗਣ ਦੀ ਘਟਨਾ ਵਿਚ ਵੱਡੀ ਮਾਤਰਾ ਵਿਚ ਫਲ, ਸਬਜ਼ੀਆਂ ਅਤੇ ਤਿੰਨ ਖੋਖੇ ਸੜ ਗਏ। ਦੀਵਾਲੀ ਦੀ ਦੁਪਹਿਰ ਨੂੰ ਫੋਕਲ ਪੁਆਇੰਟ ਸਥਿਤ ਪੇਚਾਂ ਵਾਲੀ ਫੈਕਟਰੀ ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਦੌਰਾਨ ਹਲਕਾ ਵਿਧਾਇਕ ਜੀਵਨਜੋਤ ਕੌਰ ਵੀ ਮੌਕੇ ’ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਫੈਕਟਰੀ ਵਿਚ ਲੱਗੀ ਅੱਗ ’ਤੇ ਕਾਬੂ ਪਾਇਆ ਗਿਆ।

ਇਨ੍ਹਾਂ ਥਾਵਾਂ ’ਤੇ ਲੱਗੀ ਅੱਗ
ਦੀਵਾਲੀ ਦੀ ਰਾਤ ਭੱਲਾ ਕਾਲੋਨੀ, ਇਸਲਾਮਾਬਾਦ, ਚੌਕ ਜੈ ਸਿੰਘ, ਸੁਲਤਾਨਵਿੰਡ ਰੋਡ, ਸ਼ਹੀਦ ਊਧਮ ਸਿੰਘ ਨਗਰ, ਤਰਨਤਾਰਨ ਰੋਡ ਪੁਲ ਹੇਠਾਂ, ਭਗਤਾਂਵਾਲਾ ਨੇੜੇ ਫਤਿਹ ਸਿੰਘ ਕਾਲੋਨੀ ਵਿਚ ਇਕ ਘਰ ਵਿਚ, ਪੰਜ ਪੀਰ ਨਿਊ ਗੋਲਡਨ ਐਵੇਨਿਊ ਨੇੜੇ ਇਕ ਪਲਾਟ ਵਿਚ, ਥਾਣਾ ਸਦਰ ਰਾਮਤੀਰਥ ਰੋਡ ਨੂੰ ਜਾਂਦੇ ਰਸਤੇ ਵਿਚ ਇਕ ਕਬਾੜ ਦੀ ਦੁਕਾਨ, ਘਾਹ ਮੰਡੀ ਵਿਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ, ਜਿਸ ’ਤੇ ਫਾਇਰ ਬਿਗ੍ਰੇਡ ਦੇ ਅਮਲੇ ਵਲੋਂ ਕਾਬੂ ਪਾ ਲਿਆ ਗਿਆ ਹੈ।

ਦੀਵਾਲੀ ਦੀ ਰਾਤ ਨੂੰ ਸਭ ਤੋਂ ਭਿਆਨਕ ਅੱਗ ਨਗਰ ਨਿਗਮ ਦੇ ਦਫ਼ਤਰ ਭਗਤਾਂਵਾਲਾ ਵਿਚ ਲੱਗੀ, ਇੱਥੇ ਦਰਜਨ ਦੇ ਕਰੀਬ ਸਿਲੰਡਰ ਪਏ ਸਨ, ਜਿਨ੍ਹਾਂ ਨੂੰ ਸੁਰੱਖਿਅਤ ਥਾਂ ’ਤੇ ਨਹੀਂ ਰੱਖਿਆ ਗਿਆ। ਸੇਵਾ ਸੋਸਾਇਟੀ ਫਾਇਰ ਬ੍ਰਿਗੇਡ ਅਤੇ ਨਗਰ ਨਿਗਮ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ ਸ਼ੁਰੂ ਕੀਤੀ ਤਾਂ ਧਿਆਨ ਉਥੇ ਰੱਖੇ ਸਿਲੰਡਰ ਵੱਲ ਗਿਆ। ਅੱਗ ਦੇ ਵਿਚਕਾਰ ਜਾ ਕੇ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਗਿਲਵਾਲੀ ਗੇਟ ਦੇ ਅਧਿਕਾਰੀ ਕੰਵਲਜੀਤ ਸਿੰਘ ਅਤੇ ਸੇਵਾ ਸੋਸਾਇਟੀ ਦੇ ਫਾਇਰ ਬ੍ਰਿਗੇਡ ਦੇ ਵਲੰਟੀਅਰ ਸ਼ਿਵਮ ਮਹਿਤਾ, ਮਨਦੀਪ ਅਤੇ ਹਨੀ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅੱਗ ’ਤੇ ਕਾਬੂ ਪਾ ਲਿਆ ਅਤੇ ਸਿਲੰਡਰ ਬਾਹਰ ਕੱਢੇ। ਇਸ ਦੌਰਾਨ ਨਿਗਮ ਦੇ ਕਮਿਸ਼ਨਰ ਕੁਮਾਰ ਸੌਰਭ ਰਾਜ, ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਵੀ ਮੌਕੇ ’ਤੇ ਪੁੱਜੇ। ਸਿਲੰਡਰ ਬਰਾਮਦ ਹੋਣ ਤੋਂ ਬਾਅਦ ਵੀ ਇਕ ਸਿਲੰਡਰ ਮਲਬੇ ਹੇਠ ਦੱਬਿਆ ਰਿਹਾ।

ਦੱਸ ਦੇਈਏ ਕਿ ਸਿਲੰਡਰ ਕਾਰਨ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਉਸ ਦੇ ਝਟਕੇ ਇੱਕ ਕਿਲੋਮੀਟਰ ਦੂਰ ਤੱਕ ਮਹਿਸੂਸ ਕੀਤੇ ਗਏ, ਸ਼ੁਕਰ ਹੈ ਕਿ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਨਿਗਮ ਦੀ ਅਹਾਤੇ ਵਿਚ ਅਵਰਧਾ ਕੰਪਨੀ ਦੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਵੀ ਲਗਾਈਆਂ ਗਈਆਂ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਸਾਰੇ ਵਾਹਨ ਚਾਲਕ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਵਾਹਨਾਂ ਨੂੰ ਬਾਹਰ ਕੱਢਿਆ, ਜਿਸ ਨਾਲ ਕਾਫ਼ੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਨਿਗਮ ਦੀ ਹਦੂਦ ਵਿੱਚ ਜੋ ਵੀ ਪਿਆ ਸੀ ਉਹ ਸੜ ਕੇ ਸੁਆਹ ਹੋ ਗਿਆ।

Add a Comment

Your email address will not be published. Required fields are marked *