ਆਬੂਧਾਬੀ ਗਏ 100 ਪੰਜਾਬੀ ਫਸੇ, ਨਹੀਂ ਦਿੱਤੇ ਜਾ ਰਹੇ ਪਾਸਪੋਰਟ

ਨੂਰਮਹਿਲ : ਰੁਜ਼ਗਾਰ ਦੇ ਸਿਲਸਿਲੇ ’ਚ ਆਬੂਧਾਬੀ ਦੀ ਇਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਨ ਗਏ 100 ਪੰਜਾਬੀ ਉਥੇ ਫਸ ਗਏ ਹਨ ਕਿਉਂਕਿ ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ ਪਰ ਪਾਸਪੋਰਟ ਵਾਪਿਸ ਨਹੀਂ ਦਿੱਤੇ ਜਾ ਰਹੇ। ਸਮਾਜਸੇਵੀ ਦਿਲਬਾਗ ਸਿੰਘ ਨੇ ਇਸ ਮਾਮਲੇ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਨੌਜਵਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਪਿੰਡ ਬੈਨਾਪੁਰ ਦੇ ਵਸਨੀਕ ਦਿਲਬਾਗ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਲਿਖੇ ਪੱਤਰ ’ਚ ਕਿਹਾ ਗਿਆ ਹੈ ਕਿ ਸਕੁਏਅਰ ਜਨਰਲ ਕੰਟ੍ਰੈਕਟਿੰਗ ਕੰਪਨੀ ਆਬੂਧਾਬੀ ਨੇ ਇਨ੍ਹਾਂ ਨੂੰ ਕੰਮ ਤੋਂ ਕੱਢ ਦਿੱਤਾ ਹੈ ਪਰ ਪਾਸਪੋਰਟ ਵਾਪਸ ਨਹੀਂ ਕਰ ਰਹੀ, ਜਿਸ ਕਾਰਨ ਨੌਜਵਾਨ ਵਾਪਸ ਨਹੀਂ ਆ ਸਕਦੇ ।

ਵਿਦੇਸ਼ ਮੰਤਰੀ ਤੋਂ ਆਬੂਧਾਬੀ ਸਥਿਤ ਭਾਰਤੀ ਦੂਤਘਰ ਨੂੰ ਨਿਰਦੇਸ਼ ਦੇ ਕੇ ਇਹ ਮਾਮਲਾ ਅਮੀਰਾਤ ਦੇ ਅਧਿਕਾਰੀਆਂ ਕੋਲ ਉਠਾਉਣ ਦੀ ਬੇਨਤੀ ਕੀਤੀ ਗਈ ਹੈ। ਸਿੰਘ ਨੇ ਕਿਹਾ ਕਿ ਜ਼ਿਆਦਾਤਰ ਕਰਮਚਾਰੀਆਂ ਨੇ ਭਾਰਤ ਪਰਤਣ ਲਈ ਆਨਲਾਈਨ ਅਪਲਾਈ ਕੀਤਾ ਹੈ ਪਰ ਪਾਸਪੋਰਟ ਨਾ ਹੋਣ ਕਾਰਨ ਉਹ ਨਹੀਂ ਆ ਸਕਦੇ। ਉਨ੍ਹਾਂ ਦੇ ਮਾਤਾ-ਪਿਤਾ ਹਵਾਈ ਟਿਕਟ ਦਾ ਭੁਗਤਾਨ ਕਰਨ ਲਈ ਤਿਆਰ ਹਨ ਪਰ ਕੰਪਨੀ ਪਾਸਪੋਰਟ ਵਾਪਸ ਨਹੀਂ ਕਰ ਰਹੀ ਹੈ। ਸਿੰਘ ਨੇ ਕੇਂਦਰ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਅਤੇ ਉੱਥੇ ‘ਹੈਲਪ ਡੈਸਕ’ ਖੋਲ੍ਹਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਪੱਤਰ ਦੀ ਕਾਪੀ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਸ ਮਾਮਲੇ ’ਚ ਮਦਦ ਕਰਨ ਦੀ ਅਪੀਲ ਕੀਤੀ ਹੈ।

Add a Comment

Your email address will not be published. Required fields are marked *