ਮੁਹਾਲੀ: ਵਿਸ਼ਵ ਦਾ ਸਭ ਤੋਂ ਵੱਡਾ ਦੀਵਾ ਬਾਲ ਕੇ ਦਿੱਤਾ ਸ਼ਾਂਤੀ ਦਾ ਸੁਨੇਹਾ

ਮੁਹਾਲੀ, 23 ਅਕਤੂਬਰ

ਆਲਮੀ ਸ਼ਾਂਤੀ ਦਾ ਸੁਨੇਹਾ ਦਿੰਦਿਆਂ ਮੁਹਾਲੀ ਵਿਚ ਦੁਨੀਆ ਦਾ ਸਭ ਤੋਂ ਵੱਡਾ ਦੀਵਾ ਰੌਸ਼ਨ ਕੀਤਾ ਗਿਆ ਹੈ। ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਇਸ ਮੌਕੇ 10 ਹਜ਼ਾਰ ਤੋਂ ਵੱਧ ਲੋਕਾਂ ਨੇ ਦੀਵੇ ਵਿਚ ਤੇਲ ਪਾਇਆ ਤੇ ਵਿਸ਼ਵ ਰਿਕਾਰਡ ਬਣਾਇਆ। ਕਰੀਬ ਇਕ ਹਜ਼ਾਰ ਕਿਲੋਗ੍ਰਾਮ ਸਟੀਲ ਨਾਲ ਤਿਆਰ ਕੀਤੇ ਗਏ ਵਿਸ਼ਵ ਦੇ ਇਸ ਸਭ ਤੋਂ ਵੱਡੇ ਦੀਵੇ ਦਾ ਘੇਰਾ 3.37 ਮੀਟਰ ਹੈ। ਇਸ ਨੂੰ ਸ਼ਨਿਚਰਵਾਰ ਸ਼ਾਮ ਮੁੱਖ ਮਹਿਮਾਨ ਲੈਫ਼ ਜਨਰਲ (ਸੇਵਾਮੁਕਤ) ਕੇ.ਜੇ. ਸਿੰਘ ਨੇ ਰੌਸ਼ਨ ਕੀਤਾ। ਦੀਵਾ ਰੌਸ਼ਨ ਕਰ ਕੇ ਵਿਸ਼ਵ ਸ਼ਾਂਤੀ, ਏਕੇ, ਧਰਮ ਨਿਰਪੱਖਤਾ ਤੇ ਮਨੁੱਖਤਾ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਕੀਤੇ ਗਏ ਸਮਾਗਮ ਵਿਚ ‘ਹੀਰੋ ਹੋਮਜ਼’ ਦੇ ਚਾਰ ਹਜ਼ਾਰ ਨਾਗਰਿਕਾਂ ਸਣੇ 10 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਸਮਾਗਮ ਰਾਹੀਂ ਭਾਰਤ ਦੀ ਭਿੰਨਤਾ ਨੂੰ ਦਰਸਾਉਣ ਦਾ ਯਤਨ ਵੀ ਕੀਤਾ ਗਿਆ। ਦੀਵੇ ਵਿਚ 3129 ਲਿਟਰ ਆਰਗੈਨਿਕ ਤੇ ਦੀਵਿਆਂ ਲਈ ਢੁੱਕਵਾਂ ਤੇਲ ਪਾਇਆ ਗਿਆ। ਇਹ ਸਮਾਗਮ ਹੀਰੋ ਗਰੁੱਪ ਦੀ ਇਕਾਈ ‘ਹੀਰੋ ਹੋਮਜ਼’ ਵੱਲੋਂ ਕਰਾਇਆ ਗਿਆ ਸੀ। ਇਸ ਸਮਾਗਮ ’ਚ ‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ’ ਦੇ ਨੁਮਾਇੰਦੇ ਵੀ ਹਾਜ਼ਰ ਸਨ। ‘ਹੀਰੋ ਰਿਐਲਟੀ’ ਦੇ ਸੀਐਮਓ ਆਸ਼ੀਸ਼ ਕੌਲ ਨੇ ਦੱਸਿਆ ਕਿ ਗਿੰਨੀਜ਼ ਬੁੱਕ ਦੇ ਨੁਮਾਇੰਦਿਆਂ ਮੁਤਾਬਕ 3 ਹਜ਼ਾਰ ਲਿਟਰ ਕੁਕਿੰਗ ਗੈਸ ਨਾਲ ਬਾਲਿਆ ਗਿਆ ਵਿਸ਼ਵ ਦਾ ਸਭ ਤੋਂ ਵੱਡਾ ਦੀਵਾ ਹੈ। ਲੈਫ਼ ਜਨਰਲ ਕੇਜੇ ਸਿੰਘ ਨੇ ਕਿਹਾ ਕਿ ਇਸ ਸਮਾਗਮ ਰਾਹੀਂ ਰਵਾਇਤਾਂ ਨੂੰ ਦਰਸਾਉਣ ਦੇ ਨਾਲ-ਨਾਲ ਇਕ ਮਹੱਤਵਪੂਰਨ ਸੁਨੇਹਾ ਵੀ ਦਿੱਤਾ ਗਿਆ ਹੈ।

Add a Comment

Your email address will not be published. Required fields are marked *