ਸੂਬੇ ਦੇ ਆਮ ਆਦਮੀ ਨੂੰ ਸੁਰੱਖਿਆ ਦੇਣ ’ਚ ਨਾਕਾਮ ਸਾਬਿਤ ਹੋਈ ਪੰਜਾਬ ਸਰਕਾਰ : ਤਰੁਣ ਚੁੱਘ

ਚੰਡੀਗੜ੍ਹ – ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਆਮ ਆਦਮੀ ਨੂੰ ਸੁਰੱਖਿਆ ਦੇਣ ਵਿਚ ਨਾਕਾਮ ਸਾਬਿਤ ਹੋਈ ਹੈ। ਇਸ ਸਰਕਾਰ ਦੇ ਅਧੀਨ ਪੰਜਾਬ ਵਿਚ ਜੋ ਅਮਨ-ਕਾਨੂੰਨ ਦੀ ਸਥਿਤੀ ਬਣੀ ਹੈ, ਉਸ ਦੀ ਕੋਈ ਮਿਸਾਲ ਨਹੀਂ ਮਿਲਦੀ। ਗੁਰਦਾਸਪੁਰ ਦੇ ਥਾਣੇ ਵਿਚੋਂ ਇਕ ਨੌਜਵਾਨ ਵਲੋਂ ਸ਼ਰੇਆਮ ਐੱਸ.ਐੱਲ.ਆਰ. ਲੁੱਟ ਕੇ ਭੱਜ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਥਾਣੇ ਵੀ ਅਸੁਰੱਖਿਅਤ ਹਨ। ਲੋਕਾਂ ਨੂੰ ਥਾਣਿਆਂ ਵਿਚ ਇਨਸਾਫ ਨਹੀਂ ਮਿਲ ਰਿਹਾ। ਸੂਬੇ ਵਿਚ ਅਪਰਾਧੀ ਖੁੱਲ੍ਹੇਆਮ ਭੱਜ ਰਹੇ ਹਨ।

ਚੁੱਘ ਨੇ ਇਕ ਜਾਰੀ ਬਿਆਨ ਵਿਚ ਕਿਹਾ ਕਿ ਮਾਨਸਾ ਵਿਚ ਗੈਂਗਸਟਰ ਦੀਪਕ ਟੀਨੂੰ ਦਾ ਪੁਲਸ ਹਿਰਾਸਤ ਵਿਚੋਂ ਫ਼ਰਾਰ ਹੋਣਾ ਦਰਸਾਉਂਦਾ ਹੈ ਕਿ ਪੁਲਸ ਗੈਂਗਸਟਰਾਂ ਨਾਲ ਮਿਲੀ ਹੋਈ ਹੈ। ‘ਆਪ’ ਸਰਕਾਰ ਦੀ ਗੈਂਗਸਟਰਾਂ ਵਿਰੁੱਧ ਲੜਾਈ ਦਾ ਸਾਰਾ ਡਰਾਮਾ ਇਕ ਧੋਖਾ ਸੀ। ਚੁੱਘ ਨੇ ਦੱਸਿਆ ਕਿ ਨਸ਼ਾ ਸਮੱਗਲਿੰਗ ਨਾਲ ਸਬੰਧਤ ਦਰਜਨ ਦੇ ਕਰੀਬ ਕੇਸਾਂ ਦਾ ਸਾਹਮਣਾ ਕਰ ਰਿਹਾ ਨਸ਼ਾ ਸਮੱਗਲਰ ਅਮਰੀਕ ਸਿੰਘ ਪਟਿਆਲਾ ਜੇਲ੍ਹ ਮੁਲਾਜ਼ਮਾਂ ਦੀ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ। ਇਨ੍ਹਾਂ ਤਿੰਨਾਂ ਘਟਨਾਵਾਂ ਨੇ ਇੱਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਹੈ ਕਿ ‘ਆਪ’ ਸਰਕਾਰ ਸੂਬੇ ਵਿਚ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ।

ਚੁਘ ਨੇ ਕਿਹਾ ਪੰਜਾਬ ਇੱਕ ਸਰਹੱਦੀ ਸੂਬਾ ਹੈ। ਪਾਕਿਸਤਾਨ ਦੀ ਏਜੰਸੀ ਆਈ.ਐੱਸ.ਆਈ. ਇੱਕ ਵਾਰ ਫਿਰ ਦੇਸ਼ ਨੂੰ ਦਹਿਸ਼ਤ ਦੀ ਅੱਗ ਵਿਚ ਸੁੱਟਣ ਦੀ ਸਾਜ਼ਿਸ਼ ਵਿਚ ਹੈ। ਸਰਹੱਦੀ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਪਾਕਿਸਤਾਨੀ ਡਰੋਨਾਂ ਦਾ ਦਾਖਲ ਹੋਣਾ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਸੁੱਟਣ ਦੀਆਂ ਘਟਨਾਵਾਂ ਵਧੀਆਂ ਹਨ। ਬੇਸ਼ੱਕ ਮੁਸਤੈਦ ਬੀ. ਐੱਸ. ਐੱਫ. ਜਵਾਨਾਂ ਨੇ ਇਸ ਸਾਜਿਸ਼ ਨੂੰ ਨਾਕਾਮ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਪਰ ਭਗਵੰਤ ਮਾਨ ਦੀ ਕਾਰਜਪ੍ਰਣਾਲੀ ਨਾਲ ਸੂਬੇ ਦੀ ਸੁਰੱਖਿਆ ਖ਼ਤਰੇ ਵਿਚ ਹੈ। ਚੁਘ ਨੇ ਮੰਗ ਦੀ ਕਿ ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਤੋਂ ਕਾਨੂੰਨ ਵਿਵਸਥਾ ’ਤੇ ਰਿਪੋਰਟ ਮੰਗਣੀ ਚਾਹੀਦੀ ਹੈ।

Add a Comment

Your email address will not be published. Required fields are marked *