ਯੂਕ੍ਰੇਨ ਨਾਲ ਜੰਗ ਦੌਰਾਨ ਰੂਸੀ ਲੜਾਕੂ ਜਹਾਜ਼ ਸਾਈਬੇਰੀਆ ’ਚ ਇਮਾਰਤ ’ਤੇ ਡਿੱਗਾ

ਮਾਸਕੋ : ਰੂਸ ਦੇ ਸਾਈਬੇਰੀਅਨ ਖੇਤਰ ਦੇ ਇਰਕੁਤਸਕ ’ਚ ਐਤਵਾਰ ਨੂੰ ਇਕ ਰੂਸੀ ਲੜਾਕੂ ਜਹਾਜ਼ ਇਕ ਰਿਹਾਇਸ਼ੀ ਇਮਾਰਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਉਸ ’ਚ ਜਹਾਜ਼ ’ਚ ਸਵਾਰ ਦੋਵਾਂ ਪਾਇਲਟਾਂ ਦੀ ਮੌਤ ਹੋ ਗਈ। ਇਕ ਹਫ਼ਤੇ ਅੰਦਰ ਇਹ ਦੂਜੀ ਘਟਨਾ ਹੈ, ਜਦੋਂ ਇਸ ਖੇਤਰ ’ਚ ਇਕ ਰਿਹਾਇਸ਼ੀ ਖੇਤਰ ’ਚ  ਕੋਈ ਲੜਾਕੂ ਜਹਾਜ਼ ਕ੍ਰੈਸ਼ ਹੋਇਆ ਹੈ। ਇਰਕੁਤਸਕ ਦੇ ਗਵਰਨਰ ਇਗੋਰ ਕੋਬਜੇਵ ਨੇ ਕਿਹਾ ਕਿ ਜਹਾਜ਼ ਦੋ ਮੰਜ਼ਿਲਾ ਇਕ ਨਿੱਜੀ ਰਿਹਾਇਸ਼ੀ ਇਮਾਰਤ ਨਾਲ ਟਕਰਾ ਗਿਆ, ਜਿਸ ’ਚ ਦੋ ਪਰਿਵਾਰ ਰਹਿੰਦੇ ਹਨ। ਇਸ ਹਾਦਸੇ ਕਾਰਨ ਇਮਾਰਤ ’ਚ ਰਹਿਣ ਵਾਲੇ ਕਿਸੇ ਵਿਅਕਤੀ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਆਰਜ਼ੀ ਰਿਹਾਇਸ਼ ਅਤੇ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਜਾਵੇਗੀ। ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਸਬੰਧੀ ਅਧਿਕਾਰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਤੋਂ ਕੁਝ ਦਿਨ ਪਹਿਲਾਂ 17 ਅਕਤੂਬਰ ਨੂੰ ਰੂਸ ਦਾ ਇਕ ਲੜਾਕੂ ਜਹਾਜ਼ ਯੇਸਕ ’ਚ ਇਕ ਰਿਹਾਇਸ਼ੀ ਇਮਾਰਤ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ’ਚ 15 ਲੋਕਾਂ ਦੀ ਮੌਤ ਹੋ ਗਈ ਸੀ ਅਤੇ 19 ਹੋਰ ਲੋਗ ਜ਼ਖ਼ਮੀ ਹੋ ਗਏ ਸਨ। ਇਹ ਜਹਾਜ਼ ਦੁਰਘਟਨਾਵਾਂ ਯੂਕ੍ਰੇਨ ’ਚ ਚੱਲ ਰਹੀ ਲੜਾਈ ਦੇ ਨਤੀਜੇ ਵਜੋਂ ਰੂਸੀ ਹਵਾਈ ਫ਼ੌਜ ਉੱਤੇ ਦਬਾਅ ਨੂੰ ਦਰਸਾਉਂਦੀਆਂ ਹਨ। ਰੂਸੀ ਜਹਾਜ਼ ਬਣਾਉਣ ਵਾਲੇ ਪਲਾਂਟਾਂ ਦੇ ਇਕ ਸਰਕਾਰ ਕੰਟਰੋਲਡ ਸਮੂਹ ਯੂਨਾਈਟਿਡ ਏਅਰਕ੍ਰਾਫਟ ਕਾਰਪੋਰੇਸ਼ਨ  ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਤਵਾਰ ਨੂੰ ਇਕ ਸੁਖੋਈ-30 ਲੜਾਕੂ ਜਹਾਜ਼ ਇਕ ਸਿਖਲਾਈ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਅੱਗ ਲੱਗ ਗਈ। ਇਸ ਦੌਰਾਨ ਜਹਾਜ਼ ’ਚ ਕੋਈ ਹਥਿਆਰ ਨਹੀਂ ਸੀ। ਹਾਦਸੇ ਦੀ ਇਕ ਵੀਡੀਓ ’ਚ ਅੱਗ ਦੀਆਂ ਲਪੇਟਾਂ ਨਾਲ ਘਿਰੀ ਇਮਾਰਤ ਅਤੇ ਅੱਗ ਬੁਝਾਉਣ ਲਈ ਤਾਇਨਾਤ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦੇਖਿਆ ਜਾ ਸਕਦਾ ਹੈ।

60 ਲੱਖ ਤੋਂ ਵੱਧ ਦੀ ਆਬਾਦੀ ਵਾਲਾ ਇਰਕੁਤਸਕ ਸ਼ਹਿਰ, ਰੂਸ ਦਾ ਇਕ ਪ੍ਰਮੁੱਖ ਉਦਯੋਗਿਕ ਕੇਂਦਰ ਹੈ, ਜਿੱਥੇ ਸੁਖੋਈ-30 ਲੜਾਕੂ ਜਹਾਜ਼ਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਸੁਖੋਈ-30 ਇਕ ਦੋ-ਇੰਜਣ ਵਾਲਾ ਸੁਪਰਸੋਨਿਕ ਲੜਾਕੂ ਜਹਾਜ਼ ਹੈ, ਜੋ ਰੂਸੀ ਹਵਾਈ ਫ਼ੌਜ ਵੱਲੋਂ ਵਰਤਿਆ ਜਾਂਦਾ ਹੈ। ਇਹ ਜਹਾਜ਼ ਭਾਰਤ ਤੇ ਚੀਨ ਸਮੇਤ ਕਈ ਹੋਰ ਦੇਸ਼ਾਂ ਦੀ ਹਵਾਈ ਫ਼ੌਜ ’ਚ ਵੀ ਸ਼ਾਮਲ ਹਨ। ਇਹ 11ਵੀਂ ਘਟਨਾ ਹੈ, ਜਿਸ ’ਚ 24 ਫਰਵਰੀ ਨੂੰ ਰੂਸੀ ਫੌਜ ਵੱਲੋਂ ਯੂਕ੍ਰੇਨ ਵਿਰੁੱਧ  ਲੜਾਈ ਸ਼ੁਰੂ ਕਰਨ ਤੋਂ ਬਾਅਦ ਕੋਈ ਗ਼ੈਰ-ਜੰਗੀ ਲੜਾਕੂ ਜਹਾਜ਼ ਕ੍ਰੈਸ਼ ਹੋਇਆ ਹੈ।

Add a Comment

Your email address will not be published. Required fields are marked *