ਥਾਣੇ ’ਚੋਂ ਗਾਇਬ AK 47 ਰਾਈਫਲ ਤੇ ਕਾਰਬਾਈਨ ਹੋਮਗਾਰਡ ਜਵਾਨ ਦੇ ਘਰੋਂ ਬਰਾਮਦ
ਬਠਿੰਡਾ –ਥਾਣਾ ਨਥਾਣਾ ਵਿਖੇ ਤਾਇਨਾਤ ਪੰਜਾਬ ਹੋਮਗਾਰਡ ਦੇ ਜਵਾਨ ਬਲਜਿੰਦਰ ਸਿੰਘ ਦੇ ਘਰੋਂ ਦੋ ਦਿਨ ਪਹਿਲਾਂ ਇਸੇ ਥਾਣੇ ’ਚੋਂ ਗਾਇਬ ਹੋਈ ਏ. ਕੇ. 47 ਰਾਈਫਲ ਅਤੇ ਇਕ ਕਾਰਬਾਈਨ ਬਰਾਮਦ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਾਮਲਾ ਵੱਡਾ ਹੋਣ ਦੇ ਬਾਵਜੂਦ ਐੱਸ. ਐੱਚ. ਓ. ਵਿਕਰਮਜੀਤ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਆਪਣੇ ਪੱਧਰ ’ਤੇ ਮਾਮਲੇ ਨੂੰ ਦਬਾਅ ਦਿੱਤਾ। ਦੂਜੇ ਪਾਸੇ ਐੱਸ. ਐੱਸ. ਪੀ. ਜੇ. ਏਲਨਚੇਲੀਅਨ ਕਹਿ ਰਹੇ ਹਨ ਕਿ ਉਕਤ ਮਾਮਲੇ ਦੀ ਜਾਂਚ ਡੀ. ਐੱਸ. ਪੀ. ਭੁੱਚੋ ਨੂੰ ਸੌਂਪ ਦਿੱਤੀ ਗਈ ਹੈ ਪਰ ਡੀ. ਐੱਸ. ਪੀ. ਭੁੱਚੋ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ।
ਅੰਡਰ ਕਵਰ ਸੂਤਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਪੰਜਾਬ ਪੁਲਸ ਦੀ ਭਰਤੀ ਸਬੰਧੀ ਪੇਪਰ ਚੱਲ ਰਹੇ ਸਨ ਤਾਂ ਥਾਣੇ ਦੇ ਮੁਲਾਜ਼ਮਾਂ ਦੀ ਡਿਊਟੀ ਵੀ ਕੇਂਦਰਾਂ ’ਤੇ ਲੱਗੀ ਹੋਈ ਸੀ। ਇਸ ਦੌਰਾਨ ਥਾਣੇ ਵਿਖੇ ਤਾਇਨਾਤ ਪੰਜਾਬ ਹੋਮਗਾਰਡ ਦਾ ਜਵਾਨ ਬਲਜਿੰਦਰ ਸਿੰਘ ਏ. ਕੇ. 47 ਰਾਈਫਲ ਅਤੇ ਇਕ ਕਾਰਬਾਈਨ ਲੈ ਗਿਆ। ਸੂਤਰਾਂ ਨੇ ਦੱਸਿਆ ਕਿ ਦੋਵੇਂ ਸਰਕਾਰੀ ਹਥਿਆਰ ਲੋਡ ਕੀਤੇ ਹੋਏ ਸਨ।

