ਔਰਤਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਲਿਜਾਣ ਦੀਆਂ ਘਟਨਾਵਾਂ ’ਚ ਪੰਜਾਬ ਪੁਲਸ ਤੁਰੰਤ ਦਰਜ ਕਰੇਗੀ ਕੇਸ

ਭਾਰਤ ਤੋਂ ਮੱਧ-ਪੂਰਬੀ ਦੇਸ਼ਾਂ ’ਚ ਔਰਤਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਮੱਗਲਿੰਗ ਕਰ ਕੇ ਲਿਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਪੰਜਾਬ ਪੁਲਸ ਨੇ ਵੀ ਅਜਿਹੀ ਘਟਨਾਵਾਂ ਨੂੰ ਲੈ ਕੇ ਤਿਆਰੀ ਕਰ ਲਈ ਹੈ।

ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਤੇ ਏ. ਡੀ. ਜੀ. ਪੀ. ਐੱਲ. ਕੇ. ਯਾਦਵ ਨੇ ਇਕ ਪੱਤਰ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਔਰਤਾਂ ਨੂੰ ਵਿਦੇਸ਼ਾਂ ’ਚ ਗੈਰ-ਕਾਨੂੰਨੀ ਢੰਗ ਨਾਲ ਲਿਜਾਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਉਦੇਸ਼ ਨਾਲ ਪੁਲਸ ਵਲੋਂ ਹੁਣ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਸ਼ਿਕਾਇਤ ਮਿਲਦਿਆਂ ਹੀ ਪੁਲਸ ਥਾਣੇ ਵਿਚ ਐੱਫ. ਆਈ. ਆਰ. ਦਰਜ ਕਰ ਦਿੱਤੀ ਜਾਵੇਗੀ।

ਏ. ਡੀ. ਜੀ. ਪੀ. ਐੱਲ. ਕੇ. ਯਾਦਵ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪੁਲਸ ਥਾਣਾ ਘੱਲਖੁਰਦ ’ਚ 2 ਮਈ ਨੂੰ ਐੱਫ. ਆਈ. ਆਰ. ਨੰ. 38 ਦਰਜ ਹੋ ਚੁੱਕੀ ਹੈ, ਜਿਸ ਵਿਚ ਕੁਝ ਏਜੰਟਾਂ ਖਿਲਾਫ ਕਾਰਵਾਈ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਤੇ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦੇ ਹੋਏ ਫੀਲਡ ਵਿਚ ਤਾਇਨਾਤ ਸਾਰੇ ਪੁਲਸ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਸ਼ਿਕਾਇਤ ਮਿਲਦੇ ਹੀ ਕੇਸ ਦਰਜ ਕਰਨ ਤਾਂ ਜੋ ਕੋਈ ਵੀ ਵਿਅਕਤੀ ਵਿਦੇਸ਼ ਦੌੜਨ ’ਚ ਕਾਮਯਾਬ ਨਾ ਹੋ ਸਕੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਲੁਧਿਆਣਾ ਰੇਂਜ ਦੇ ਆਈ. ਜੀ. ਤੇ ਆਈ. ਪੀ. ਐੱਸ. ਅਧਿਕਾਰੀ ਕੌਸਤੁਭ ਸ਼ਰਮਾ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਐੱਫ. ਆਈ. ਆਰ. ਦਰਜ ਕਰਨ ’ਚ ਕਿਸੇ ਨੂੰ ਕੋਈ ਦਿੱਕਤ ਨਾ ਆਏ।

ਆਈ. ਜੀ. ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਯਕੀਨੀ ਬਣਾਉਣਗੇ ਕਿ ਪੁਲਸ ਥਾਣਿਆਂ ਵਿਚ ਐੱਫ. ਆਈ. ਆਰ. ਦਰਜ ਹੋ ਰਹੀ ਹੈ ਜਾਂ ਨਹੀਂ। ਬਿਊਰੋ ਆਫ ਇਨਵੈਸਟੀਗੇਸ਼ਨ ਅਨੁਸਾਰ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਐੱਸ. ਆਈ. ਟੀ. ਵੱਲੋਂ ਕੀਤੀ ਜਾਵੇਗੀ ਜਿਸ ਦੇ ਮੁਖੀ ਆਈ. ਪੀ. ਐੱਸ. ਰਣਧੀਰ ਸਿੰਘ ਹੋਣਗੇ। ਉਹ ਇਸ ਵਿਚ ਕਿਸੇ ਵੀ ਅਧਿਕਾਰੀ ਨੂੰ ਐਡਜਸਟ ਕਰ ਸਕਣਗੇ। ਇਸੇ ਤਰ੍ਹਾਂ ਐੱਸ. ਆਈ. ਟੀ. ਮੁਖੀ ਕੇਸ ਦੀ ਜਾਂਚ ਲਈ ਸਬੰਧਤ ਪੁਲਸ ਥਾਣਿਆਂ ’ਚੋਂ ਵੀ ਅਧਿਕਾਰੀਆਂ ਨੂੰ ਐੱਸ. ਆਈ. ਟੀ. ਵਿਚ ਸ਼ਾਮਲ ਕਰ ਸਕਣਗੇ।

ਪੰਜਾਬ ਪੁਲਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਜਾਰੀ ਕੀਤੇ ਗਏ ਪੱਤਰ ਦੀਆਂ ਕਾਪੀਆਂ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ, ਸਾਰੇ ਪੁਲਸ ਕਮਿਸ਼ਨਰਾਂ, ਐੱਸ. ਐੱਸ. ਪੀਜ਼. ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ।

Add a Comment

Your email address will not be published. Required fields are marked *