ਬ੍ਰਿਟੇਨ ‘ਚ ਮਹਿੰਗਾਈ 40 ਸਾਲ ਦੇ ਰਿਕਾਰਡ ਪੱਧਰ ‘ਤੇ ਪਹੁੰਚੀ

ਲੰਡਨ- ਬ੍ਰਿਟੇਨ ਵਿੱਚ ਖੁਰਾਕੀ ਉਤਪਾਦਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਸਤੰਬਰ ਵਿੱਚ ਮਹਿੰਗਾਈ 40 ਸਾਲਾਂ ਦੇ ਉੱਚੇ ਪੱਧਰ 10.1 ਫੀਸਦੀ ‘ਤੇ ਪਹੁੰਚ ਗਈ। ਯੂਕੇ ਦੇ ਨੈਸ਼ਨਲ ਸਟੈਟਿਸਟੀਕਲ ਆਫਿਸ ਨੇ ਬੁੱਧਵਾਰ ਨੂੰ ਸਤੰਬਰ ਲਈ ਖਪਤਕਾਰ ਕੀਮਤ ਸੂਚਕਾਂਕ-ਅਧਾਰਿਤ ਮਹਿੰਗਾਈ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਸੂਚਕਾਂਕ ਮਹੀਨੇ ਲਈ 10.1 ਪ੍ਰਤੀਸ਼ਤ ਵਧਿਆ ਹੈ। ਅਗਸਤ ‘ਚ ਮਹਿੰਗਾਈ ‘ਚ 9.9 ਫ਼ੀਸਦੀ ਦਾ ਵਾਧਾ ਹੋਇਆ ਸੀ। ਮੁਦਰਾਸਫੀਤੀ ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਬ੍ਰਿਟੇਨ ਵਿੱਚ ਮੁਦਰਾਸਫੀਤੀ 1982 ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਇਸ ਦੌਰਾਨ ਜੁਲਾਈ 2022 ਵਿੱਚ ਵੀ ਮਹਿੰਗਾਈ ਨੇ ਇਸ ਪੱਧਰ ਨੂੰ ਛੂਹਿਆ ਸੀ।
ਸੰਖਿਅਕੀ ਦਫ਼ਤਰ ਨੇ ਕਿਹਾ ਕਿ ਸਤੰਬਰ ਵਿੱਚ ਮਹਿੰਗਾਈ ਵਿੱਚ ਤੇਜ਼ੀ ਨਾਲ ਵਾਧੇ ਵਿੱਚ ਖੁਰਾਕੀ ਵਸਤਾਂ ਦਾ ਵੱਡਾ ਯੋਗਦਾਨ ਰਿਹਾ ਹੈ। ਇਸ ਸਮੇਂ ਦੌਰਾਨ ਖੁਰਾਕੀ ਮਹਿੰਗਾਈ ਇਕ ਸਾਲ ਪਹਿਲਾਂ ਦੇ ਮੁਕਾਬਲੇ 14.5 ਫ਼ੀਸਦੀ ਤੱਕ ਵਧ ਗਈ। ਇਹ 1980 ਤੋਂ ਬਾਅਦ ਸਭ ਤੋਂ ਵੱਧ ਖੁਰਾਕੀ ਮਹਿੰਗਾਈ ਦਰ ਹੈ। ਮਹਿੰਗਾਈ ਦੇ ਇਸ ਉੱਚੇ ਪੱਧਰ ਨੂੰ ਦੇਖਦੇ ਹੋਏ ਬੈਂਕ ਆਫ਼ ਇੰਗਲੈਂਡ ਵੱਲੋਂ ਨੀਤੀਗਤ ਵਿਆਜ ਦਰ ਵਿੱਚ ਇਕ ਵਾਰ ਫਿਰ ਵਾਧਾ ਕੀਤਾ ਜਾਣ ਦਾ ਖਦਸ਼ਾ ਹੈ।
ਬ੍ਰਿਟਿਸ਼ ਕੇਂਦਰੀ ਬੈਂਕ ਮਹਿੰਗਾਈ ਨੂੰ 2 ਫ਼ੀਸਦੀ ਤੱਕ ਹੇਠਾਂ ਲਿਆਉਣ ਦੀਆਂ ਕੋਸ਼ਿਸ਼ਾਂ ‘ਚ ਲੱਗਾ ਹੋਇਆ ਹੈ ਪਰ ਇਸ ‘ਚ ਹੁਣ ਤੱਕ ਉਸ ਨੂੰ ਨਾਕਾਮੀ ਦਾ ਹੀ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਨਵੇਂ ਵਿੱਤ ਮੰਤਰੀ ਜੇਰੇਮੀ ਹੰਟ ਲਈ ਵਿੱਤੀ ਸਥਿਰਤਾ ਦੀ ਬਹਾਲੀ ਹੋਰ ਵੀ ਚੁਣੌਤੀਪੂਰਨ ਬਣ ਜਾਵੇਗੀ। ਪਿਛਲੇ ਹਫਤੇ ਅਹੁਦਾ ਸੰਭਾਲਣ ਵਾਲੇ ਹੰਟ ਨੇ ਕਿਹਾ ਕਿ ਸਰਕਾਰ ਕਮਜ਼ੋਰ ਲੋਕਾਂ ਦੀ ਮਦਦ ਪਹੁੰਚਾਉਣ ਨੂੰ ਤਰਜੀਹ ਦੇਵੇਗੀ।

Add a Comment

Your email address will not be published. Required fields are marked *