ਕਾਂਗਰਸ ਪ੍ਰਧਾਨ ਦੀ ਚੋਣ ਲਈ 96 ਫੀਸਦ ਵੋਟਿੰਗ

ਨਵੀਂ ਦਿੱਲੀ– ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਲਈ ਸੋਮਵਾਰ ਨੂੰ ਕੁੱਲ 9900 ’ਚੋਂ ਲਗਭਗ 9500 ਡੈਲੀਗੇਟ (ਚੋਣ ਮੰਡਲ ਦੇ ਮੈਂਬਰਾਂ) ਨੇ ਵੋਟਾਂ ਪਾਈਆਂ, ਜਿਨ੍ਹਾਂ ’ਚ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਈ ਹੋਰ ਸੀਨੀਅਰ ਨੇਤਾ ਸ਼ਾਮਲ ਰਹੇ। ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਪ੍ਰਧਾਨ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਲਗਭਗ 96 ਫੀਸਦੀ ਪੋਲਿੰਗ ਹੋਈ। ਕਾਂਗਰਸ ਹੈੱਡਕੁਆਰਟਰ ਸਮੇਤ ਲਗਭਗ 68 ਪੋਲਿੰਗ ਬੂਥਾਂ ’ਤੇ ਵੋਟਾਂ ਪਈਆਂ। ਚੋਣ ਦੇ ਨਤੀਜੇ ਦਾ ਐਲਾਨ 19 ਅਕਤੂਬਰ ਨੂੰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਦੀ ਪੂਰੀ ਪ੍ਰਕਿਰਿਆ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਰਹੀ ਅਤੇ ਉਹ ਇਸ ਤੋਂ ਸੰਤੁਸ਼ਟ ਹਨ।

ਕਾਂਗਰਸ ਹੈੱਡਕੁਆਰਟਰ ’ਚ ਵੋਟ ਪਾਉਣ ਤੋਂ ਬਾਅਦ ਜੈਰਾਮ ਰਮੇਸ਼ ਨੇ ਪੱਤਰਕਾਰਾਂ ਨੂੰ ਕਿਹਾ,‘ਇਹ ਇਤਿਹਾਸਕ ਮੌਕਾ ਹੈ। ਸਾਡੇ ਇਥੇ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣ ਹੋਈ ਹੈ।’ ਉਨ੍ਹਾਂ ਕਿਹਾ,‘ਕਾਂਗਰਸ ਇਕਲੌਤਾ ਸਿਆਸੀ ਦਲ ਹੈ, ਜਿਸ ਦੇ ਪ੍ਰਧਾਨ ਅਹੁਦੇ ਲਈ ਚੋਣ ਹੁੰਦੀ ਹੈ।’ ਮਿਸਤਰੀ ਨੇ ਕਿਹਾ ਕਿ ਕਰਨਾਟਕ ’ਚ ਬੇਲਾਰੀ ਸਥਿਤ ‘ਭਾਰਤ ਜੋੜੋ ਯਾਤਰਾ’ ਦੇ ਆਰਾਮ ਕੈਂਪ ਦੇ ਪੋਲਿੰਗ ਕੇਂਦਰ ’ਚ ਰਾਹੁਲ ਗਾਂਧੀ ਸਮੇਤ ਲਗਭਗ 50 ਲੋਕਾਂ ਨੇ ਵੋਟਾਂ ਪਾਈਆਂ। ਸੋਨੀਆ ਗਾਂਧੀ, ਮਨਮੋਹਨ ਸਿੰਘ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੇ ਕਾਂਗਰਸ ਹੈੱਡਕੁਆਰਟਰ ਪਹੁੰਚ ਕੇ ਵੋਟ ਪਾਈ।

ਵੋਟ ਪਾਉਣ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਇਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਕਿਹਾ,‘ਮੈਂ ਇਸ ਦਿਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ।’ ਪਾਰਟੀ ਹੈੱਡਕੁਆਰਟਰ ’ਚ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਸਭ ਤੋਂ ਪਹਿਲਾਂ ਵੋਟ ਪਾਈ। ਉਨ੍ਹਾਂ ਤੋਂ ਬਾਅਦ ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼, ਅਜੇ ਮਾਕਨ, ਮੁਕੁਲ ਵਾਸਨਿਕ, ਸੀਨੀਅਰ ਨੇਤਾ ਅੰਬਿਕਾ ਸੋਨੀ, ਵਿਵੇਕ ਤਨਖਾ ਅਤੇ ਕਈ ਹੋਰ ਲੋਕਾਂ ਨੇ ਵੋਟ ਪਾਈ।

ਉੱਧਰ ਥਰੂਰ ਨੇ ਟਵੀਟ ਕੀਤਾ,‘ਮਲਿਕਾਅਰਜੁਨ ਖੜਗੇ ਨਾਲ ਅੱਜ ਸਵੇਰੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਸ਼ੁੱਭਕਮਾਨਾਵਾਂ ਦਿੱਤੀਆਂ ਅਤੇ ਉਨ੍ਹਾਂ ਪ੍ਰਤੀ ਸਨਮਾਨ ਅਤੇ ਕਾਂਗਰਸ ਦੀ ਸਫਲਤਾ ਪ੍ਰਤੀ ਦੋਵੇਂ ਦੇ ਸਾਂਝੇ ਸਮਰਪਣ ਨੂੰ ਜ਼ਾਹਿਰ ਕੀਤਾ।’ ਖੜਗੇ ਨੇ ਟਵੀਟ ਕਰ ਕੇ ਕਿਹਾ,‘ਸ਼ਸ਼ੀ ਥਰੂਰ ਨੂੰ ਮੇਰੀਆਂ ਸ਼ੁੱਭਕਾਮਨਾਵਾਂ। ਅੱਜ ਉਨ੍ਹਾਂ ਨਾਲ ਗੱਲ ਕੀਤੀ। ਅਸੀਂ ਦੋਵੇਂ ਕਾਂਗਰਸ ਦੀ ਮਜ਼ਬੂਤੀ ਲਈ ਲੜ ਰਹੇ ਹਾਂ ਤਾਂ ਕਿ ਭਵਿੱਖ ਦੀਆਂ ਪੀੜੀਆਂ ਲਈ ਪਹਿਲਾਂ ਨਾਲੋਂ ਮਜ਼ਬੂਤ ਅਤੇ ਬਿਹਤਰ ਰਾਸ਼ਟਰ ਦਾ ਨਿਰਮਾਣ ਕੀਤਾ ਜਾ ਸਕੇ।’

137 ਸਾਲਾਂ ਦੇ ਇਤਿਹਾਸ ’ਚ 6ਵੀਂ ਵਾਰ ਹੋਈ ਪ੍ਰਧਾਨ ਲਈ ਚੋਣ

ਕਾਂਗਰਸ ਪਾਰਟੀ ਦੇ 137 ਸਾਲਾਂ ਦੇ ਇਤਿਹਾਸ ’ਚ 6ਵੀਂ ਵਾਰ ਪ੍ਰਧਾਨ ਅਹੁਦੇ ਲਈ ਚੋਣ ਹੋਈ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਨੁਸਾਰ ਪ੍ਰਧਾਨ ਅਹੁਦੇ ਲਈ ਹੁਣ ਤੱਕ 1939, 1950, 1977, 1997 ਅਤੇ 2000 ’ਚ ਚੋਣਾਂ ਹੋਈਆਂ ਹਨ। ਪੂਰੇ 22 ਸਾਲਾਂ ਬਾਅਦ ਪ੍ਰਧਾਨ ਅਹੁਦੇ ਲਈ ਚੋਣ ਹੋਈ ਹੈ।

Add a Comment

Your email address will not be published. Required fields are marked *