‘ਸਾਨੂੰ ਬ੍ਰਿਟੇਨ ‘ਚ ਲੱਗਦਾ ਹੈ ਡਰ…’ 180 ਹਿੰਦੂ ਸੰਗਠਨਾਂ ਨੇ ਪੀ.ਐੱਮ. ਟਰਸ ਨੂੰ ਲਿਖਿਆ ਪੱਤਰ

ਲੰਡਨ – ਬ੍ਰਿਟੇਨ ਵਿਚ ਵੱਡੀ ਗਿਣਤੀ ਭਾਰਤੀਆਂ, ਹਿੰਦੂ ਸੰਗਠਨਾਂ ਅਤੇ ਮੰਦਰਾਂ ਨੇ ਪ੍ਰਧਾਨ ਮੰਤਰੀ ਲਿਜ਼ ਟਰਸ ਨੂੰ ਪੱਤਰ ਲਿਖਿਆ ਹੈ। ਇਨ੍ਹਾਂ ਸੰਸਥਾਵਾਂ ਦੀ ਕੁੱਲ ਗਿਣਤੀ 180 ਦੱਸੀ ਜਾਂਦੀ ਹੈ। ਜਾਣਕਾਰੀ ਮੁਤਾਬਕ ਇਸ ਪੱਤਰ ‘ਚ ਇਨ੍ਹਾਂ ਸੰਗਠਨਾਂ ਨੇ ਲਿਖਿਆ ਹੈ ਕਿ ਅਸੀਂ ਬ੍ਰਿਟੇਨ ‘ਚ ਡਰੇ ਹੋਏ ਹਾਂ। ਇਹ ਚਿੱਠੀਆਂ ਲੈਸਟਰ ਅਤੇ ਬਰਮਿੰਘਮ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੀਆਂ ਹਨ। ਇਸ ਦੇ ਨਾਲ ਹੀ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇੱਥੇ ਭਾਰਤੀਆਂ ਅਤੇ ਹਿੰਦੂ ਸੰਗਠਨਾਂ ਦੀ ਸੁਰੱਖਿਆ ਯਕੀਨੀ ਬਣਾਉਣ। 

ਪੱਤਰ ਲਿਖਣ ਵਾਲਿਆਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਕੁੱਲ ਛੇ ਅਪੀਲਾਂ ਕੀਤੀਆਂ ਹਨ।ਹਾਲੀਆ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਪੱਤਰ ਵਿੱਚ ਲਿਖਿਆ ਗਿਆ ਕਿ ਅਸੀਂ ਤੁਹਾਡਾ ਧਿਆਨ ਲੈਸਟਰ, ਬਰਮਿੰਘਮ ਅਤੇ ਹੋਰ ਕਸਬਿਆਂ ਵਿੱਚ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਵੱਲ ਖਿੱਚਣਾ ਚਾਹੁੰਦੇ ਹਾਂ। ਇਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਘਟਨਾਵਾਂ ਨੇ ਬ੍ਰਿਟੇਨ ਵਿਚ ਰਹਿੰਦੇ ਭਾਰਤੀਆਂ ਅਤੇ ਹਿੰਦੂ ਭਾਈਚਾਰੇ ਨੂੰ ਦੁਖੀ ਕੀਤਾ ਹੈ। ਹਿੰਦੂ ਭਾਈਚਾਰੇ ਪ੍ਰਤੀ ਨਫਰਤ ਬਹੁਤ ਵਧ ਗਈ ਹੈ। ਪੱਤਰ ਮੁਤਾਬਕ ਹਿੰਦੂਆਂ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਬਦਸਲੂਕੀ, ਸਰੀਰਕ ਹਿੰਸਾ, ਪ੍ਰੇਸ਼ਾਨ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਸਕੂਲਾਂ ਅਤੇ ਕੰਮ ਵਾਲੀ ਥਾਂ ‘ਤੇ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੱਤਰ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਸਥਿਤੀ ਦੇ ਮੱਦੇਨਜ਼ਰ ਸਹੀ ਫ਼ੈਸਲਾ ਲੈਣ ਅਤੇ ਬ੍ਰਿਟਿਸ਼ ਭਾਰਤੀਆਂ ਦੇ ਡਰ ਨੂੰ ਦੂਰ ਕਰਨ ਲਈ ਠੋਸ ਪਹਿਲਕਦਮੀਆਂ ਕਰਨ ਦੀ ਅਪੀਲ ਕੀਤੀ ਗਈ ਹੈ।
ਪੱਤਰ ਵਿੱਚ ਕਹੀ ਗਈ ਇਹ ਗੱਲ

ਖੁੱਲੇ ਪੱਤਰ ‘ਤੇ ਵੱਖ-ਵੱਖ ਸੰਗਠਨਾਂ, ਹਿੰਦੂ ਮੰਦਰ ਰਾਸ਼ਟਰੀ ਪ੍ਰੀਸ਼ਦ, BAPS ਸ਼੍ਰੀ ਸਵਾਮੀਨਾਰਾਇਣ ਸੰਸਥਾ ਯੂਕੇ, ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ ਯੂਕੇ, ਇਸਕੋਨ ਮਾਨਚੈਸਟਰ, ਓਵਰਸੀਜ਼ ਫਰੈਂਡਜ਼ ਆਫ ਬੀਜੇਪੀ (ਯੂਕੇ), ਹਿੰਦੂ ਵਕੀਲ ਐਸੋਸੀਏਸ਼ਨ (ਯੂਕੇ) ਦੇ ਦਸਤਖਤ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਹਿੰਦੂ ਭਾਈਚਾਰੇ ਨੇ ਕਰੀਬ ਅੱਧੀ ਸਦੀ ਤੋਂ ਬ੍ਰਿਟਨ ਨੂੰ ਆਪਣਾ ਘਰ ਬਣਾਇਆ ਹੋਇਆ ਹੈ। ਅਸੀਂ ਆਬਾਦੀ ਦਾ ਦੋ ਫੀਸਦੀ ਤੋਂ ਵੀ ਘੱਟ ਹਾਂ, ਫਿਰ ਵੀ ਸਾਡਾ ਯੋਗਦਾਨ ਮਹੱਤਵਪੂਰਨ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਉਹ ਨਾ ਸਿਰਫ਼ ਸਮਾਜਿਕ-ਆਰਥਿਕ ਤੌਰ ‘ਤੇ ਯੋਗਦਾਨ ਪਾ ਰਹੇ ਹਨ, ਸਗੋਂ ਉਹ ਬ੍ਰਿਟਿਸ਼ ਕਦਰਾਂ-ਕੀਮਤਾਂ ਦਾ ਵੀ ਦਿਲੋਂ ਪਾਲਣ ਕਰ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਇੱਥੋਂ ਦੇ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ। ਇਸ ਦੇ ਬਾਵਜੂਦ ਅਸੀਂ ਇੱਥੇ ਅਸੁਰੱਖਿਅਤ ਅਤੇ ਡਰੇ ਹੋਏ ਮਹਿਸੂਸ ਕਰ ਰਹੇ ਹਾਂ।

Add a Comment

Your email address will not be published. Required fields are marked *