ਪਾਕਿਸਤਾਨ ਦੇ ਸ਼ਿਰੀਨ ਮਜ਼ਾਰੀ ਦੀ ਧੀ ਗ੍ਰਿਫ਼ਤਾਰ

ਇਸਲਾਮਾਬਾਦ, 20 ਅਗਸਤ-: ਪਾਕਿਸਤਾਨ ਦੀ ਸਾਬਕਾ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜ਼ਾਰੀ ਦੀ ਧੀ ੲਿਮਾਨ ਮਜ਼ਾਰੀ ਨੂੰ ਅੱਜ ਇੱਥੇ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਤਰਨੂਲ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਕੀਲ ਅਤੇ ਸਮਾਜ ਸੇਵੀ ਇਮਾਨ ਮਜ਼ਾਰੀ ਖ਼ਿਲਾਫ਼ ਸਰਕਾਰੀ ਮਾਮਲਿਆਂ ’ਚ ਦਖ਼ਲ ਦੇਣ, ਧਰਨਾ ਪ੍ਰਦਰਸ਼ਨ ਅਤੇ ਵਿਰੋਧ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਮਾਨ ਦੀ ਮਾਂ ਸ਼ਿਰੀਨ ਮਜ਼ਾਰੀ ਨੇ ਗ੍ਰਿਫ਼ਤਾਰੀ ਨੂੰ ‘ਅਗਵਾ’ ਦੱਸਿਆ ਅਤੇ ਕਿਹਾ ਕਿ ਸਾਦੇ ਕੱਪੜਿਆਂ ਵਿੱਚ ਆਏ ਲੋਕ ‘ਸਾਡੇ ਘਰ ਦੇ ਮੁੱਖ ਦਰਵਾਜ਼ੇ ਨੂੰ ਤੋੜਨ ਮਗਰੋਂ ਮੇਰੀ ਧੀ ਨੂੰ ਆਪਣੇ ਨਾਲ ਲੈ ਗਏ।’’ ਉਨ੍ਹਾਂ ‘ਐਕਸ’ ਉੱਤੇ ਕਿਹਾ, ‘‘ਉਹ ਸਾਡੇ ਸੁਰੱਖਿਆ ਕੈਮਰੇ ਅਤੇ ਉਸ ਦਾ ਲੈਪਟਾਪ ਤੇ ਮੋਬਾਈਲ ਫੋਨ ਲੈ ਗਏ। ਅਸੀਂ ਪੁੱਛਿਆ ਕਿ ਉਹ ਕਿਸ ਲਈ ਆਏ ਹਨ ਅਤੇ ਉਹ ਇਮਾਨ ਨੂੰ ਖਿੱਚ ਕੇ ਬਾਹਰ ਲੈ ਗਏ। ਉਨ੍ਹਾਂ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ। ਮੇਰੀ ਧੀ ਰਾਤ ਵਾਲੇ ਕੱਪੜਿਆਂ ਵਿੱਚ ਸੀ ਅਤੇ ਉਸ ਨੇ ਕਿਹਾ ਕਿ ਮੈਨੂੰ ਕੱਪੜੇ ਬਦਲਣ ਦਿੱਤੇ ਜਾਣ ਪਰ ਉਹ ਉਸ ਨੂੰ ਧੂਹ ਕੇ ਲੈ ਗਏ। ਸਪੱਸ਼ਟ ਤੌਰ ’ਤੇ ਕੋਈ ਵਾਰੰਟ ਜਾਂ ਕਿਸੇ ਕਾਨੂੰਨੀ ਪ੍ਰੀਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ। ਸਰਕਾਰ ਦਾ ਫਾਸ਼ੀਵਾਦ। ਘਰ ਵਿੱਚ ਸਿਰਫ਼ ਦੋ ਮਹਿਲਾਵਾਂ ਸਨ। ਇਹ ਅਗ਼ਵਾ ਕਰਨਾ ਹੈ।’’ ਸ਼ਿਰੀਨ ਮਜ਼ਾਰੀ ਨੂੰ ਨੌਂ ਮਈ ਨੂੰ ਹੋਏ ਦੰਗਿਆ ਮਗਰੋਂ ਪੁਲੀਸ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਮਗਰੋਂ ਉਨ੍ਹਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਗ੍ਰਿਫ਼ਤਾਰੀ ਤੋਂ ਪਹਿਲਾਂ ਇਮਾਨ ਨੇ ਖ਼ੁਦ ‘ਐਕਸ’ ਉੱਤੇ ਦੱਸਿਆ ਕਿ ‘ਅਣਪਛਾਤੇ ਲੋਕ’ ਉਸ ਦੇ ਘਰ ਦੇ ਕੈਮਰੇ ਤੋੜ ਰਹੇ ਹਨ, ਦਰਵਾਜ਼ਾ ਤੋੜ ਕੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਮਾਨ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਅਤੇ ਉਨ੍ਹਾਂ ਤੁਰੰਤ ਬਿਨਾਂ ਕਿਸੇ ਸ਼ਰਤ ਤੋਂ ਉਸ ਨੂੰ ਰਿਹਾਅ ਕਰਨ ਲਈ ਕਿਹਾ। ਇਮਾਨ ਮਜ਼ਾਰੀ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟਾਉਂਦੀ ਰਹੀ ਹੈ ਅਤੇ ਸੇਵਾਮੁਕਤ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਖ਼ਿਲਾਫ਼ ਅਪਮਾਨਜਨਕ ਭਾਸ਼ਾ ਵਰਤਣ ਦੇ ਦੋਸ਼ ਹੇਠ ਪਿਛਲੇ ਸਾਲ ਤੋਂ ਕੇਸ ਦਾ ਸਾਹਮਣਾ ਕਰ ਰਹੀ ਹੈ।

Add a Comment

Your email address will not be published. Required fields are marked *