ਆਸਟ੍ਰੇਲੀਆ : ਸਕੌਟ ਮੌਰੀਸਨ ਦੀ ਵਧੀ ਮੁਸ਼ਕਲ, PM ਅਲਬਾਨੀਜ਼ ਨੇ ਲਗਾਏ ਇਹ ਦੋਸ਼

ਕੈਨਬਰਾ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮੰਗਲਵਾਰ ਨੂੰ ਆਪਣੇ ਪੂਰਵਜ ਸਕੌਟ ਮੌਰੀਸਨ ‘ਤੇ ਦੋਸ਼ ਲਗਾਏ ਕਿ ਉਹਨਾਂ ਨੇ ਸੱਤਾ ‘ਚ ਰਹਿੰਦਿਆਂ ਜ਼ਿਆਦਾਤਰ ਹੋਰ ਸੰਸਦ ਮੈਂਬਰਾਂ ਜਾਂ ਜਨਤਾ ਨੂੰ ਦੱਸੇ ਬਿਨਾਂ ਪੰਜ ਮੰਤਰੀ ਅਹੁਦੇ ਆਪਣੇ ਕੋਲ ਰੱਖੇ ਸਨ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਮੌਰੀਸਨ ‘ਤੇ ‘ਲੋਕਤੰਤਰ ਨੂੰ ਕੁਚਲਣ’ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਮੌਰੀਸਨ ਨੇ ਆਸਟ੍ਰੇਲੀਅਨ ਲੋਕਾਂ ਨੂੰ ਹਨੇਰੇ ਵਿੱਚ ਰੱਖਿਆ ਅਤੇ ਸੰਸਦ ਨੂੰ ਗੁੰਮਰਾਹ ਕੀਤਾ ਕਿ ਕਿਹੜਾ ਵਿਭਾਗ ਕਿਸ ਕੋਲ ਹੈ। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਧੋਖਾ ਦਿੰਦੀ ਰਹੀ। 

ਅਲਬਾਨੀਜ਼ ਨੇ ਕਿਹਾ ਕਿ ਮਾਰਚ 2020 ਤੋਂ ਮਈ 2021 ਦਰਮਿਆਨ ਮੌਰੀਸਨ ਨੂੰ ਸਿਹਤ, ਵਿੱਤ, ਗ੍ਰਹਿ ਮਾਮਲੇ, ਵਿੱਤ ਅਤੇ ਉਦਯੋਗ ਮੰਤਰੀ ਨਿਯੁਕਤ ਕੀਤਾ ਗਿਆ ਸੀ, ਜਿਸ ਤੋਂ ਇਹ ਜਾਪਦਾ ਹੈ ਕਿ ਮੌਰੀਸਨ ਨੂੰ ਇਹਨਾਂ ਅਹੁਦਿਆਂ ‘ਤੇ ਪਹਿਲਾਂ ਤੋਂ ਨਿਯੁਕਤ ਮੰਤਰੀਆਂ ਦੇ ਬਰਾਬਰ ਸ਼ਕਤੀਆਂ ਦਿੱਤੀਆਂ ਗਈਆਂ। ਪ੍ਰਧਾਨ ਮੰਤਰੀ ਨੇ ਕੈਨਬਰਾ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਬਿਲਕੁਲ ਅਸਾਧਾਰਨ ਹੈ ਕਿ ਮੌਰੀਸਨ ਸਰਕਾਰ ਨੇ ਇਨ੍ਹਾਂ ਨਿਯੁਕਤੀਆਂ ਨੂੰ ਆਸਟ੍ਰੇਲੀਆਈ ਲੋਕਾਂ ਤੋਂ ਲੁਕੋ ਕੇ ਰੱਖਿਆ। 

ਇਸ ਵਿਚਕਾਰ ਸਿਡਨੀ ਰੇਡੀਓ ਸਟੇਸ਼ਨ 2 ਜੀਬੀ ‘ਤੇ ਮੌਰੀਸਨ ਨੇ ਵਾਧੂ ਵਿਭਾਗ ਆਪਣੇ ਕੋਲ ਰੱਖੇ ਜਾਣ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸੁਰੱਖਿਆ ਵਜੋਂ ਰੱਖਿਆ ਗਿਆ ਸੀ ਅਤੇ ਜੇਕਰ ਉਨ੍ਹਾਂ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਹੁੰਦੀ ਤਾਂ ਉਹ ਨਿਯੁਕਤੀਆਂ ਬਾਰੇ ਜਾਣਕਾਰੀ ਜ਼ਰੂਰ ਜਨਤਕ ਕਰਦੇ। ਉਹਨਾਂ ਨੇ ਕਿਹਾ ਕਿ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਦੋ ਸਾਲ ਪਹਿਲਾਂ ਕੀ ਹੋਇਆ ਸੀ ਅਤੇ ਅਸੀਂ ਕਿਹੜੀ ਸਥਿਤੀ ਨਾਲ ਨਜਿੱਠ ਰਹੇ ਸੀ। ਇਹ ਇੱਕ ਗੈਰ-ਰਵਾਇਤੀ ਅਤੇ ਬੇਮਿਸਾਲ ਸਮਾਂ ਸੀ। ਉਹਨਾਂ ਨੇ ਇਸ ਸਬੰਧ ਵਿਚ ਬ੍ਰਿਟੇਨ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਦੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਹਸਪਤਾਲ ਵਿਚ ਦਾਖਲ ਹੋਣ ਦਾ ਜ਼ਿਕਰ ਕੀਤਾ।

Add a Comment

Your email address will not be published. Required fields are marked *