ਵਿਸ਼ਵ ਚੈਂਪੀਅਨਸ਼ਿਪ: ਭਾਰਤੀ ਨਿਸ਼ਾਨੇਬਾਜ਼ਾਂ ਨੇ ਪੰਜਵਾਂ ਸੋਨ ਤਗ਼ਮਾ ਫੁੰਡਿਆ

ਕਾਹਿਰਾ- ਰੁਦਰਾਕਸ਼ ਬਾਲਾਸਾਹਿਬ ਪਾਟਿਲ, ਕਿਰਨ ਅੰਕੁਸ਼ ਜਾਧਵ ਅਤੇ ਅਰਜੁਨ ਬਬੂਤਾ ਦੀ ਭਾਰਤੀ ਤਿਕੜੀ ਨੇ ਐਤਵਾਰ ਨੂੰ ਇੱਥੇ ਚੀਨ ਨੂੰ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਦੇ ਖਿਤਾਬੀ ਮੁਕਾਬਲੇ ‘ਚ 16-10 ਨਾਲ ਹਰਾ ਕੇ ਆਈ. ਐੱਸ. ਐੱਸ. ਐੱਫ. (ISSF) ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਕੇ ਭਾਰਤ ਨੂੰ ਪੰਜਵਾਂ ਤਮਗਾ ਦਿਵਾਇਆ। ਸੀਨੀਅਰ ਪੱਧਰ ‘ਤੇ ਪਹਿਲੀ ਵਿਸ਼ਵ ਚੈਂਪੀਅਨਸ਼ਿਪ ‘ਚ ਰੁਦਰਾਕਸ਼ ਦਾ ਇਹ ਦੂਜਾ ਸੋਨ ਤਮਗਾ ਹੈ। ਇਸ ਤੋਂ ਪਹਿਲਾਂ ਉਸ ਨੇ 10 ਮੀਟਰ ਰਾਈਫਲ ‘ਚ ਵਿਅਕਤੀਗਤ ਮੁਕਾਬਲੇ ‘ਚ ਵੀ ਸੋਨ ਤਗਮਾ ਜਿੱਤਿਆ ਸੀ।

ਇਸ ਤੋਂ ਪਹਿਲਾਂ ਟੀਮ ਇੰਡੀਆ ਕੁਆਲੀਫਿਕੇਸ਼ਨ ਵਿੱਚ 628.5 ਦੇ ਸਕੋਰ ਨਾਲ ਦੂਜੇ ਸਥਾਨ ‘ਤੇ ਰਹੀ ਸੀ, ਜਦਕਿ ਚੀਨ 629.4 ਦੇ ਸਕੋਰ ਨਾਲ ਸਿਖਰ ‘ਤੇ ਸੀ। ਦੂਜੇ ਪਾਸੇ ਏਲਾਵੇਨਿਲ ਵਲਾਰੀਵਨ, ਮੇਹੁਲੀ ਘੋਸ਼ ਅਤੇ ਮੇਘਨਾ ਸੱਜਣਾਰ ਦੀ ਮਹਿਲਾ ਟੀਮ ਨੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਜਰਮਨੀ ਨੂੰ 17-11 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਕੁਆਲੀਫਿਕੇਸ਼ਨ ਵਿੱਚ ਭਾਰਤੀ ਮਹਿਲਾ 630.0 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ ਜਦਕਿ ਜਰਮਨੀ (628.6) ਚੌਥੇ ਸਥਾਨ ’ਤੇ ਰਹੀ।

Add a Comment

Your email address will not be published. Required fields are marked *