CBI ਸਾਹਮਣੇ ਪੇਸ਼ ਹੋਣਗੇ ਸਿਸੋਦੀਆ, ‘ਫਰਜ਼ੀ’ ਮਾਮਲਾ ਦਰਜ ਕਰਨ ਦਾ ਲਗਾਇਆ ਦੋਸ਼

ਨਵੀਂ ਦਿੱਲੀ – ਆਬਕਾਰੀ ਨੀਤੀ ਮਾਮਲੇ ‘ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਪੁੱਛ-ਗਿੱਛ ਤੋਂ ਪਹਿਲਾਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਮਾਮਲਾ ‘ਫਰਜ਼ੀ’ ਹੈ ਅਤੇ ਇਸ ਘਟਨਾਕ੍ਰਮ ਨੂੰ ਗੁਜਰਾਤ ‘ਚ ਚੋਣ ਪ੍ਰਚਾਰ ਨਾਲ ਜੋੜਿਆ। ਉੱਪ ਮੁੱਖ ਮੰਤਰੀ ਦਾ ਸਮਰਥਨ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿਸੋਦੀਆ ਨੂੰ ਗੁਜਰਾਤ ‘ਚ ਚੋਣ ਪ੍ਰਚਾਰ ਕਰਨ ਤੋਂ ਰੋਕਣ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਸੀ.ਬੀ.ਆਈ. ਦਫ਼ਤਰ ਲਈ ਨਿਕਲਣ ਦੀ ਤਿਆਰੀ ਕਰ ਰਹੇ ਸਿਸੋਦੀਆ ਨੇ ਆਪਣੇ ਮਥੁਰਾ ਰੋਡ ਸਥਿਤ ਘਰ ਮਾਂ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਦੇ ਘਰ ਪਾਰਟੀ ਸੰਸਦ ਮੈਂਬਰ ਸੰਜੇ ਸਿੰਘ ਅਤੇ ਵਿਧਾਇਕ ਆਤਿਸ਼ੀ ਅਤੇ ਸੌਰਭ ਭਾਰਦਵਾਜ ਸਮੇਤ ‘ਆਪ’ ਦੇ ਕਈ ਨੇਤਾ ਮੌਜੂਦ ਸਨ।

ਸਿਸੋਦੀਆ ਨੇ ਲੜੀਵਾਰ ਟਵੀਟ ਕਰ ਕੇ ਕਿਹਾ,”ਮੇਰੇ ਖ਼ਿਲਾਫ਼ ਪੂਰੀ ਤਰ੍ਹਾਂ ਨਾਲ ਫਰਜ਼ੀ ਮਾਮਲਾ ਤਿਆਰ ਕੀਤਾ ਗਿਆ ਹੈ। ਮੇਰੇ ਘਰ ਛਾਪੇਮਾਰੀ, ਮੇਰੇ ਬੈਂਕ ਲਾਕਰ ਦੀ ਤਲਾਸ਼ੀ ਅਤੇ ਮੇਰੇ ਪਿੰਡ ‘ਚ ਕੀਤੀ ਗਈ ਤਲਾਸ਼ੀ ‘ਚ ਕੁਝ ਵੀ ਨਹੀਂ ਮਿਲਿਆ। ਇਹ ਪੂਰੀ ਤਰ੍ਹਾਂ ਫਰਜ਼ੀ ਮਾਮਲਾ ਹੈ।” ਸਿਸੋਦੀਆ ਨੇ ਹੁਣ ਖ਼ਤਮ ਹੋ ਚੁੱਕੀ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ ‘ਚ ਬੇਨਿਯਮੀਆਂ ਦੇ ਸੰਬੰਧ ‘ਚ ਪੁੱਛ-ਗਿੱਛ ਲਈ ਦੁਪਹਿਰ 11 ਵਜੇ ਸੀ.ਬੀ.ਆਈ. ਦੇ ਸਾਹਮਣੇ ਪੇਸ਼ ਹੋਣਾ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਕੋਲ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ‘ਚ ਆਬਕਾਰੀ ਵਿਭਾਗ ਵੀ ਹੈ। ਉਹ ਸੀ.ਬੀ.ਆਈ. ਵਲੋਂ ਇਸ ਮਾਮਲੇ ‘ਚ ਦਰਜ ਐੱਫ.ਆਈ.ਆਰ. ਦੇ ਮੁੱਖ ਦੋਸ਼ੀਆਂ ‘ਚੋਂ ਇਕ ਹੈ।

ਕੇਜਰੀਵਾਲ ਨੇ ਉੱਪ ਮੁੱਖ ਮੰਤਰੀ ਖ਼ਿਲਾਫ਼ ਮਾਮਲੇ ਨੂੰ ਫਰਜ਼ੀ ਕਰਾਰ ਦਿੱਤਾ। ਕੇਜਰੀਵਾਲ ਨੇ ਟਵੀਟ ਕੀਤਾ,”ਮਨੀਸ਼ ਦੇ ਘਰ ਅਤੇ ਉਨ੍ਹਾਂ ਦੇ ਬੈਂਕ ਲਾਕਰ ‘ਤੇ ਛਾਪੇਮਾਰੀ ‘ਚ ਕੁਝ ਨਹੀਂ ਮਿਲਿਆ। ਉਨ੍ਹਾਂ ਖ਼ਿਲਾਫ਼ ਮਾਮਲਾ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ। ਉਨ੍ਹਾਂ ਨੂੰ ਚੋਣ ਪ੍ਰਚਾਰ ਲਈ ਗੁਜਰਾਤ ਜਾਣਾ ਸੀ, ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਪਰ ਚੋਣ ਪ੍ਰਚਾਰ ਨਹੀਂ ਰੁਕੇਗਾ। ਗੁਜਰਾਤ ‘ਚ ਹਰ ਵਿਅਕਤੀ ‘ਆਪ’ ਲਈ ਪ੍ਰਚਾਰ ਕਰ ਰਿਹਾ ਹੈ।” ਸਿਸੋਦੀਆ ਨੇ ਉਨ੍ਹਾਂ ਤੋਂ ਹੋਣ ਵਾਲੀ ਪੁੱਛ-ਗਿੱਛ ਨੂੰ ਗੁਜਰਾਤ ਚੋਣ ਨਾਲ ਵੀ ਜੋੜਿਆ ਅਤੇ ਕਿਹਾ ਕਿ ਉਨ੍ਹਾਂ ਦੇ ਜੇਲ੍ਹ ਜਾਣ ਤੋਂ ਬਾਅਦ ਵੀ ਸੂਬੇ ‘ਚ ਚੋਣ ਪ੍ਰਚਾਰ ਬੰਦ ਨਹੀਂ ਹੋਵੇਗਾ। ਸਿਸੋਦੀਆ ਨੇ ਕਿਹਾ ਕਿ ਹਰ ਗੁਜਰਾਤੀ ਹੁਣ ਜਾਗ ਗਿਆ ਹੈ ਅਤੇ ਉੱਥੇ ਹਰ ਕੋਈ ਚੰਗੇ ਸਕੂਲਾਂ, ਹਸਪਤਾਲਾਂ, ਨੌਕਰੀਆਂ ਅਤੇ ਬਿਜਲੀ ਲਈ ਪ੍ਰਚਾਰ ਕਰ ਰਿਹਾ ਹੈ।

Add a Comment

Your email address will not be published. Required fields are marked *