ਟੀ-20 ਮਹਿਲਾ ਏਸ਼ੀਆ ਕੱਪ: ਸ੍ਰੀਲੰਕਾ ਨੂੰ ਹਰਾ ਕੇ ਭਾਰਤ ਸੱਤਵੀਂ ਵਾਰ ਚੈਂਪੀਅਨ

ਸਿਲਹਟ, 15 ਅਕਤੂਬਰ

ਭਾਰਤ ਨੇ ਅੱਜ ਇੱਥੇ ਸ੍ਰੀਲੰਕਾ ਨੂੰ ਇੱਕਪਾਸੜ ਮੈਚ ਵਿੱਚ ਅੱਠ ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਮਹਿਲਾ ਟੀ-20 ਏਸ਼ੀਆ ਕੱਪ ਜਿੱਤ ਲਿਆ। ਪਿਛਲੇ 14 ਸਾਲਾਂ ’ਚ ਪਹਿਲੀ ਵਾਰ ਫਾਈਨਲ ਖੇਡ ਰਹੀ ਸ੍ਰੀਲੰਕਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਵਿਕਟਾਂ ਦੇ ਨੁਕਸਾਨ ’ਤੇ 65 ਦੌੜਾਂ ਹੀ ਬਣਾ ਸਕੀ। ਭਾਰਤ ਨੇ ਸਮ੍ਰਿਤੀ ਮੰਧਾਨਾ (ਨਾਬਾਦ 51) ਦੀ ਪਾਰੀ ਦੀ ਬਦੌਲਤ ਇਹ ਟੀਚਾ 8.3 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 71 ਦੌੜਾਂ ਬਣਾ ਕੇ ਪੂਰਾ ਕਰ ਲਿਆ। 

ਸ੍ਰੀਲੰਕਾ ਦੀ ਕਪਤਾਨ ਚਮਾਰੀ ਅਟਾਪੱਟੂ ਤੀਜੇ ਓਵਰ ’ਚ ਰਨ ਆਊਟ ਹੋ ਗਈ, ਜਿਸ ਮਗਰੋਂ ਇੱਕ ਤੋਂ ਬਾਅਦ ਇੱਕ ਵਿਕਟਾਂ ਡਿੱਗਦੀਆਂ ਗਈਆਂ। ਇੱਕ ਸਮੇਂ ਸ੍ਰੀਲੰਕਾ ਸਿਰਫ 32 ਦੌੜਾਂ ’ਤੇ ਅੱਠ ਵਿਕਟਾਂ ਗੁਆ ਚੁੱਕੀ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਟੀਮ 50 ਦੌੜਾਂ ਵੀ ਨਹੀਂ ਬਣਾ ਸਕੇਗੀ ਪਰ ਰਾਣਾਵੀਰਾ ਨੇ 22 ਗੇਂਦਾਂ ਵਿੱਚ ਨਾਬਾਦ 18 ਦੌੜਾਂ ਬਣਾ ਕੇ ਟੀਮ ਨੂੰ ਨਮੋਸ਼ੀ ਤੋਂ ਬਚਾਇਆ।

ਭਾਰਤੀ ਗੇਂਦਬਾਜ਼ਾਂ ਨੇ ਅਨੁਸ਼ਾਸਨ ’ਚ ਰਹਿ ਕੇ ਗੇਂਦਬਾਜ਼ੀ ਕੀਤੀ ਪਰ ਸ਼ਾਟ ਦੀ ਖ਼ਰਾਬ ਚੋਣ ਕਾਰਨ ਸ੍ਰੀਲੰਕਾ ਨੂੰ ਜ਼ਿਆਦਾ ਨੁਕਸਾਨ ਝੱਲਣਾ ਪਿਆ। ਭਾਰਤ ਵੱਲੋਂ ਸ਼ੈਫਾਲੀ ਵਰਮਾ ਨੇ 4, ਸਮ੍ਰਿਤੀ ਮੰਧਾਨਾ ਨੇ ਨਾਬਾਦ 51, ਜੈਮੀਮਾ ਰੌਡਰਿਗਜ਼ ਨੇ 2 ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ ਨਾਬਾਦ 14 ਦੌੜਾਂ ਬਣਾਈਆਂ। 

Add a Comment

Your email address will not be published. Required fields are marked *