‘ਸ਼ੁਭਮਨ ਗਿੱਲ ਹੋ ਸਕਦੇ ਹਨ ਗੁਜਰਾਤ ਟਾਈਟਨਸ ਦੇ ਭਵਿੱਖ ਦੇ ਕਪਤਾਨ’

ਮੁੰਬਈ : ਗੁਜਰਾਤ ਟਾਈਟਨਜ਼ ਦੇ ਕ੍ਰਿਕਟ ਡਾਇਰੈਕਟਰ ਵਿਕਰਮ ਸੋਲੰਕੀ ਦਾ ਮੰਨਣਾ ਹੈ ਕਿ ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਕ੍ਰਿਕਟ ਦੀ ਚੰਗੀ ਸਮਝ ਹੈ ਅਤੇ ਉਹ ਭਵਿੱਖ ਵਿੱਚ ਫਰੈਂਚਾਇਜ਼ੀ ਦਾ ਕਪਤਾਨ ਬਣ ਸਕਦਾ ਹੈ। ਗਿੱਲ ਪਿਛਲੇ ਛੇ ਮਹੀਨਿਆਂ ਤੋਂ ਭਾਰਤੀ ਟੀਮ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਇਸ ਦੌਰਾਨ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਵਿੱਚ ਦੋਹਰਾ ਸੈਂਕੜਾ ਵੀ ਸ਼ਾਮਲ ਹੈ।

ਉਸ ਨੇ ਪਿਛਲੇ ਸਾਲ ਗੁਜਰਾਤ ਟਾਈਟਨਜ਼ ਨੂੰ ਆਈਪੀਐਲ ਖਿਤਾਬ ਜਿੱਤਣ ਵਿੱਚ ਮਦਦ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਹਾਰਦਿਕ ਪੰਡਯਾ ਲਗਾਤਾਰ ਦੂਜੇ ਸੀਜ਼ਨ ਲਈ ਗੁਜਰਾਤ ਟਾਈਟਨਸ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਟੀਮ ਪ੍ਰਬੰਧਨ ਗਿੱਲ ਨੂੰ ਭਵਿੱਖ ਦੇ ਕਪਤਾਨ ਵਜੋਂ ਦੇਖਦਾ ਹੈ। 

ਸੋਲੰਕੀ ਨੇ ਵੀਰਵਾਰ ਨੂੰ ਵਰਚੁਅਲ ਮੀਡੀਆ ਸੈਸ਼ਨ ‘ਚ ਪੱਤਰਕਾਰਾਂ ਨੂੰ ਕਿਹਾ, ‘ਸ਼ੁਭਮਨ ਦੇ ਅੰਦਰ ਇਕ ਆਗੂ ਛੁਪਿਆ ਹੋਇਆ ਹੈ ਅਤੇ ਉਹ ਬਹੁਤ ਜ਼ਿੰਮੇਵਾਰੀ ਲੈਂਦਾ ਹੈ। ਮੇਰੇ ਮੁਤਾਬਕ ਇਹ ਮਹੱਤਵਪੂਰਨ ਨਹੀਂ ਹੈ ਕਿ ਤੁਸੀਂ ਆਪਣੀ ਭੂਮਿਕਾ ਉਦੋਂ ਹੀ ਨਿਭਾਓ ਜਦੋਂ ਤੁਹਾਡੇ ਨਾਂ ਦੇ ਸਾਹਮਣੇ ਕਪਤਾਨ ਹੋਣ ਦਾ ਪ੍ਰਤੀਕ ਹੋਵੇ।

ਉਸ ਨੇ ਕਿਹਾ, “ਸ਼ੁਭਮਨ ਨੇ ਪਿਛਲੇ ਸਾਲ ਵੀ ਆਪਣੇ ਆਚਰਣ ਅਤੇ ਖੇਡ ਪ੍ਰਤੀ ਪੇਸ਼ੇਵਰ ਰਵੱਈਏ ਕਾਰਨ ਇੱਕ ਆਗੂ ਦੀ ਭੂਮਿਕਾ ਨਿਭਾਈ ਸੀ।” ਸੋਲੰਕੀ ਨੇ ਕਿਹਾ, ‘ਕੀ ਮੈਨੂੰ ਲੱਗਦਾ ਹੈ ਕਿ ਸ਼ੁਭਮਨ ਭਵਿੱਖ ਦੇ ਕਪਤਾਨ ਹੋਣਗੇ। ਹਾਂ, ਯਕੀਨੀ ਤੌਰ ‘ਤੇ ਪਰ ਅਜੇ ਤੱਕ ਇਸ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਉਸ ਵਿੱਚ ਲੀਡਰਸ਼ਿਪ ਦੇ ਗੁਣ ਹਨ, ਉਹ ਬਹੁਤ ਪਰਿਪੱਕ ਅਤੇ ਬਹੁਤ ਪ੍ਰਤਿਭਾਸ਼ਾਲੀ ਹੈ।’

ਉਸ ਨੇ ਕਿਹਾ, ‘ਉਸ ਕੋਲ ਬਹੁਤ ਵਧੀਆ ਕ੍ਰਿਕਟ ਦਿਮਾਗ ਹੈ ਅਤੇ ਅਸੀਂ ਸ਼ੁਭਮਨ ਨਾਲ ਚਰਚਾ ਕਰਦੇ ਰਹਾਂਗੇ ਅਤੇ ਜੋ ਵੀ ਫੈਸਲਾ ਲਵਾਂਗੇ, ਉਸ ‘ਚ ਉਨ੍ਹਾਂ ਦੀ ਰਾਏ ਜ਼ਰੂਰ ਲਵਾਂਗੇ।’ ਗੁਜਰਾਤ ਟਾਈਟਨਜ਼ ਆਈਪੀਐਲ ਵਿੱਚ ਆਪਣਾ ਪਹਿਲਾ ਮੈਚ 31 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਖੇਡੇਗੀ।

Add a Comment

Your email address will not be published. Required fields are marked *