ਪਾਕਿਸਤਾਨ ਨੇ ਟੀਮ ਨਾਲ ਜੋੜਿਆ ਦੋਹਰਾਂ ਸੈਂਕੜਾ ਵਾਲਾ ਖਿਡਾਰੀ

ਕਰਾਚੀ- ਹਮਲਾਵਰ ਬੱਲੇਬਾਜ਼ ਫਖਰ ਜ਼ਮਾਨ ਨੂੰ ਸ਼ੁੱਕਰਵਾਰ ਨੂੰ ਜ਼ਖਮੀ ਲੈੱਗ ਸਪਿਨਰ ਉਸਮਾਨ ਕਾਦਿਰ ਦੀ ਜਗ੍ਹਾ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਮੁੱਖ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਕਿਹਾ ਕਿ ਰਿਜ਼ਰਵ ਖਿਡਾਰੀ ’ਚ ਸ਼ਾਮਲ ਜ਼ਮਾਨ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਜਾਵੇਗਾ। ਕਾਦਿਰ ਫ੍ਰੈਕਚਰ ਹੋਏ ਅੰਗੂਠੇ ਤੋਂ ਉਭਰਨ ’ਚ ਅਸਫ਼ਲ ਰਿਹਾ ਹੈ। ਉਹ ਹੁਣ ਟੀਮ ਦੇ ਰਿਜ਼ਰਵ ਖਿਡਾਰੀਆਂ ਦੀ ਸੂਚੀ ’ਚ ਸ਼ਾਮਲ ਹੋਵੇਗਾ।

ਪੀ.ਸੀ.ਬੀ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਬਦਲਾਅ ਜ਼ਰੂਰੀ ਸੀ ਕਿਉਂਕਿ ਉਸਮਾਨ ਕਾਦਿਰ ਆਪਣੇ ਸੱਜੇ ਅੰਗੂਠੇ ਦੀ ਹੇਅਰਲਾਈਨ ਫ਼ਰੈਕਚਰ ਤੋਂ ਠੀਕ ਨਹੀਂ ਹੋ ਸਕੇ ਹਨ। ਉਸ ਨੂੰ ਇਹ ਸੱਟ 25 ਸਤੰਬਰ ਨੂੰ ਕਰਾਚੀ ’ਚ ਇੰਗਲੈਂਡ ਖ਼ਿਲਾਫ਼ ਟੀ-20 ਅੰਤਰਰਾਸ਼ਟਰੀ ਮੈਚ ਦੌਰਾਨ ਲੱਗੀ ਸੀ। ਲੈੱਗ ਸਪਿਨਰ 22 ਅਕਤੂਬਰ ਤੋਂ ਪਹਿਲਾਂ ਚੋਣ ਲਈ ਉਪਲਬਧ ਨਹੀਂ ਹੋਵੇਗਾ।

ਪੀ.ਸੀ.ਬੀ ਨੇ ਕਿਹਾ ਕਿ ਜ਼ਮਾਨ ਸ਼ਨੀਵਾਰ ਨੂੰ ਸ਼ਾਹੀਨ ਸ਼ਾਹ ਅਫ਼ਰੀਦੀ ਦੇ ਨਾਲ ਲੰਡਨ ਤੋਂ ਬ੍ਰਿਸਬੇਨ ਪਹੁੰਚਣਗੇ ਅਤੇ ਇੰਗਲੈਂਡ (17 ਅਕਤੂਬਰ) ਅਤੇ ਅਫ਼ਗਾਨਿਸਤਾਨ (19 ਅਕਤੂਬਰ) ਦੇ ਖਿਲਾਫ਼ ਦੋ ਅਭਿਆਸ ਮੈਚਾਂ ਲਈ ਚੋਣ ਲਈ ਉਪਲਬਧ ਹੋਣਗੇ। ਇਸ ਦੌਰਾਨ ਟੀਮ ਪ੍ਰਬੰਧਨ ਇਸ ਖੱਬੇ ਹੱਥ ਦੇ ਬੱਲੇਬਾਜ਼ ਦੀ ਫ਼ਿਟਨੈੱਸ ਦਾ ਮੁਲਾਂਕਣ ਕਰੇਗਾ। ਜ਼ਮਾਨ ਨੂੰ ਦੁਬਈ ’ਚ ਏਸ਼ੀਆ ਕੱਪ ਫ਼ਾਈਨਲ ’ਚ ਫੀਲਡਿੰਗ ਦੌਰਾਨ ਗੋਡੇ ‘ਤੇ ਸੱਟ ਲੱਗਣ ਕਾਰਨ ਇੰਗਲੈਂਡ ਖਿਲਾਫ਼ ਹਾਲ ਹੀ ’ਚ ਖੇਡੀ ਗਈ ਘਰੇਲੂ ਟੀ-20 ਅੰਤਰਰਾਸ਼ਟਰੀ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਸੀ।

Add a Comment

Your email address will not be published. Required fields are marked *