ਸ਼੍ਰੀਲੰਕਾ ਦੇ ਖੇਡ ਮੰਤਰੀ ਨੂੰ ਰਾਸ਼ਟਰਪਤੀ ਨੇ ਕੀਤਾ ਬਰਖਾਸਤ

ਕੋਲੰਬੋ –ਸ਼੍ਰੀਲੰਕਾ ਦੇ ਖੇਡ ਮੰਤਰੀ ਰੌਸ਼ਨ ਰਣਸਿੰਘੇ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਦੇ ਕ੍ਰਿਕਟ ਪ੍ਰਸ਼ਾਸਨ ਵਿਚ ‘ਭ੍ਰਿਸ਼ਟਾਚਾਰ ਉਜਾਗਰ’ ਕਰਨ ਦੇ ਕਾਰਨ ਉਸਦੀ ‘ਜ਼ਿੰਦਗੀ ਨੂੰ ਖ਼ਤਰਾ’ ਹੈ ਤੇ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਇਸਦੇ ਲਈ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਤੇ ਉਸਦਾ ਸਟਾਫ ਮੁਖੀ ਜ਼ਿੰਮੇਵਾਰ ਹੋਵੇਗਾ।

ਰਣਸਿੰਘੇ ਨੂੰ ਕੈਬਨਿਟ ਦੀ ਹਫਤਾਵਰੀ ਮੀਟਿੰਗ ਵਿਚ ਹਿੱਸਾ ਲੈਣ ਲਈ ਪਹੁੰਚਦੇ ਹੀ ਬਰਖਾਸਤੀ ਪੱਤਰ ਸੌਂਪ ਦਿੱਤਾ ਗਿਆ, ਜਿਸ ’ਤੇ ਵਿਕਰਮਾਸਿੰਘੇ ਦੇ ਦਸਤਖਤ ਸਨ। ਇਸ ਵਿਚ ਕਿਹਾ ਗਿਆ ਕਿ ਰਣਸਿੰਘੇ ਨੂੰ ਖੇਡ ਤੇ ਨੌਜਵਾਨ ਪ੍ਰੋਗਰਾਮ ਤੇ ਸਿੰਚਾਈ ਮੰਤਰਾਲਾ ਤੋਂ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਹੈ।

ਰਣਸਿੰਘੇ ਨੇ ਸੰਸਦ ਵਿਚ ਕਿਹਾ ਕਿ ਵਿਕਰਮਸਿੰਘੇ ਉਸ ਨੂੰ ਸਿਆਸੀ ਬਦਲੇ ਲਈ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਕ ਵਾਹਨ ਨਾਲ ਸਬੰਧਤ ਗਲਤ ਤੱਥਾਂ ਦਾ ਇਸਤੇਮਾਲ ਕਰ ਰਿਹਾ ਹੈ। ਮੰਤਰੀ ਨੇ ਕਿਹਾ ਕਿ ਉਸ ਦੇ ਵਲੋਂ ਇਕ ਵਾਹਨ ਨੂੰ ਅਧਿਕਾਰੀਆਂ ਨੇ ਟੈਕਸ ਵਿਚ ਹੇਰ-ਫੇਰ ਦੇ ਬਹਾਨੇ ਜਬਤ ਕਰ ਲਿਆ ਹੈ, ਜਿਸ ਨਾਲ ਕਿ ਉਸ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਸਕੇ।

ਰਣਸਿੰਘੇ ਨੇ ਸ਼੍ਰੀਲੰਕਾ ਕ੍ਰਿਕਟ ਪ੍ਰਸ਼ਾਸਨ ਨੂੰ ਚਲਾਉਣ ਲਈ ਇਕ ਅੰਤ੍ਰਿਮ ਕਮੇਟੀ ਨਿਯੁਕਤ ਕਰਨ ਦੇ ਆਪਣੇ ਕਦਮ ਦਾ ਜ਼ਿਕਰ ਕਰਦੇ ਹੋਏ ਕਿਹਾ,‘‘ਕੀ ਕ੍ਰਿਕਟ ਵਿਚ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਮੈਨੂੰ ਇਹ ਇਨਾਮ ਮਿਲੇਗਾ? ਮੈਂ ਆਡਿਟ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ।’’ਉਸ ਨੇ ਅੱਗੇ ਸਵਾਲ ਕੀਤਾ ਕਿ ਰਾਸ਼ਟਰਪਤੀ ਸਿਆਸੀ ਬਦਲਾ ਕਿਉਂ ਲੈ ਰਹੇ ਹਨ ਜਦਕਿ ਖੇਡ ਮੰਤਰੀ ਦੇ ਰੂਪ ਵਿਚ ਉਸ ਨੇ ਸਿਰਫ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ ਸੀ।

Add a Comment

Your email address will not be published. Required fields are marked *