ਵਿਦੇਸ਼ਾਂ ‘ਚ ਪਾਕਿ ਮੰਤਰੀਆਂ ਦੀ ਫਜ਼ੀਹਤ, ਹੁਣ ਅਮਰੀਕਾ ‘ਚ ਡਾਰ ਖ਼ਿਲਾਫ਼ ਲੱਗੇ ਚੋਰ-ਚੋਰ ਦੇ ਨਾਅਰੇ

ਪਾਕਿਸਤਾਨ ਦਾ ਦੁਨੀਆ ਅਤੇ ਆਪਣੇ ਲੋਕਾਂ ਵਿਚਾਲੇ ਕਿਸ ਤਰ੍ਹਾਂ ਦਾ ਅਕਸ ਹੈ, ਇਸ ਦਾ ਅੰਦਾਜ਼ਾ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਵਾਸ਼ਿੰਗਟਨ ਏਅਰਪੋਰਟ ‘ਤੇ ਪਹੁੰਚੇ ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਖ਼ਿਲਾਫ਼ ਚੋਰ-ਚੋਰ ਦੇ ਨਾਅਰੇ ਲਗਾਏ ਗਏ। ਡਾਰ ਵਾਸ਼ਿੰਗਟਨ IMF ਤੋਂ ਲੋਨ ਦੇ ਸਬੰਧ ‘ਚ ਅਧਿਕਾਰੀਆਂ ਨਾਲ ਬੈਠਕ ਲਈ ਉੱਥੇ ਆਏ ਹੋਏ ਸਨ। ਉਸ ਨੂੰ ਹਵਾਈ ਅੱਡੇ ‘ਤੇ ਲੈਣ ਲਈ ਅਮਰੀਕਾ ‘ਚ ਪਾਕਿਸਤਾਨ ਦੇ ਰਾਜਦੂਤ ਮਸੂਦ ਖਾਨ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਜਿਵੇਂ ਹੀ ਡਾਰ ਗਲਿਆਰੇ ਵਿਚ ਦਾਖਲ ਹੋਏ ਅਤੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਤਾਂ ਪਿੱਛੇ ਤੋਂ ਉਨ੍ਹਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਏਅਰਪੋਰਟ ‘ਤੇ ਮੌਜੂਦ ਲੋਕਾਂ ਨੇ ਉਸ ਦੇ ਖ਼ਿਲਾਫ਼ ਚੋਰ-ਚੋਰ ਦੇ ਨਾਅਰੇ ਲਗਾਏ।

ਹੋਈ ਤਿੱਖੀ ਬਹਿਸ

ਪਾਕਿਸਤਾਨੀ ਮੀਡੀਆ ਮੁਤਾਬਕ ਇਸ ਦੌਰਾਨ ਹਵਾਈ ਅੱਡੇ ‘ਤੇ ਡਾਰ ਨੂੰ ਲੈਣ ਆਏ ਪੀਐੱਮਐੱਲ-ਐੱਨ ਦੇ ਵਰਜੀਨੀਆ ਚੈਪਟਰ ਦੇ ਪ੍ਰਧਾਨ ਮਨੀ ਬੱਟ ਦੀ ਨਾਅਰੇਬਾਜ਼ੀ ਕਰਨ ਵਾਲੇ ਲੋਕਾਂ ਨਾਲ ਤਿੱਖੀ ਬਹਿਸ ਹੋਈ। ਇਸ ਦੌਰਾਨ ਬੱਟ ਨੇ ਅਪਸ਼ਬਦ ਬੋਲੇ। ਡਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਇਕ ਵਿਅਕਤੀ ਡਾਰ ਨੂੰ ਸੰਬੋਧਨ ਕਰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਤੁਸੀਂ ਝੂਠੇ ਹੋ, ਤੁਸੀਂ ਚੋਰ ਹੋ। ਜਵਾਬ ਵਿੱਚ ਡਾਰ ਨੇ ਵੀ ਉਸ ਆਦਮੀ ਨੂੰ ਝੂਠਾ ਕਿਹਾ ਅਤੇ ਅਫਸਰਾਂ ਨੇ ਉਸਨੂੰ ਬਚਾਉਂਦੇ ਹੋਏ ਦੂਜੇ ਪਾਸੇ ਲੈ ਗਏ।

ਅਜਿਹਾ ਪਹਿਲੀ ਵਾਰ ਨਹੀਂ ਹੋਇਆ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਪਾਕਿਸਤਾਨੀ ਮੰਤਰੀ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਲੰਡਨ ‘ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਨਾਲ ਗਈ ਕੇਂਦਰੀ ਮੰਤਰੀ ਮਰੀਅਮ ਔਰੰਗਜ਼ੇਬ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਮਰੀਅਮ ਉਸ ਸਮੇਂ ਕੌਫੀ ਸ਼ਾਪ ਵਿਚ ਸੀ, ਜਦੋਂ ਔਰਤਾਂ ਸਮੇਤ ਕੁਝ ਪਾਕਿਸਤਾਨੀਆਂ ਨੇ ਉਸ ਲਈ ਚੋਰ-ਚੋਰ ਦੇ ਨਾਅਰੇ ਲਾਏ ਸਨ।

ਮਰੀਅਮ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। ਉਸ ਸਮੇਂ ਕੁਝ ਔਰਤਾਂ ਨੇ ਮਰੀਅਮ ਔਰੰਗਜ਼ੇਬ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਵਿਚ ਹਿਜਾਬ ਅਤੇ ਇਸਲਾਮ ਦੀ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਔਰੰਗਜ਼ੇਬ ਨੂੰ ਲੰਡਨ ਵਿਚ ਸਿਰ ‘ਤੇ ਰੁਮਾਲ ਬੰਨ੍ਹਣਾ ਪਸੰਦ ਨਹੀਂ ਹੈ।ਇਨ੍ਹਾਂ ਦੋਵਾਂ ਘਟਨਾਵਾਂ ‘ਚ ਪਾਕਿਸਤਾਨੀ ਮੀਡੀਆ ਨੇ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਦਾ ਸਮਰਥਕ ਦੱਸਿਆ ਸੀ। ਇਸ ਤੋਂ ਪਹਿਲਾਂ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੂੰ ਵੀ ਲੰਡਨ ਦੇ ਇੱਕ ਰੈਸਟੋਰੈਂਟ ਵਿੱਚ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਪੀਟੀਆਈ ਸਮਰਥਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Add a Comment

Your email address will not be published. Required fields are marked *