‘ਆਪ’ ਵਰਕਰ ਦੇ ਪੁੱਤ ‘ਤੇ ਜਾਨਲੇਵਾ ਹਮਲਾ, ਮੌਕੇ ‘ਤੇ ਮੋਟਰਸਾਈਕਲ ਛੱਡ ਫਰਾਰ ਹੋਏ ਹਮਲਾਵਰ

ਬੰਗਾ : ਅੱਜ ਦੇਰ ਸ਼ਾਮ ਬੰਗਾ ਦੇ ਸਥਾਨਕ ਗਾਂਧੀ ਨਗਰ ਵਾਰਡ-13 ਦੀ ਗਲੀ ਨੰਬਰ 6 ਦੇ ਵਸਨੀਕ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਨਰਿੰਦਰ ਸ਼ਰਮਾ ਦੇ ਪੁੱਤਰ ਵਰੁਣ ‘ਤੇ 3 ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਉਸ ਦੇ ਘਰ ਵਿੱਚ ਆ ਕੇ ਜਾਨਲੇਵਾ ਹਮਲਾ ਕਰ ਉਸ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਰੁਣ ਆਪਣੇ ਦੋਸਤ ਵਿਕਾਸ ਨਾਲ ਮੋਟਰਸਾਈਕਲ ‘ਤੇ ਦੇਰ ਸ਼ਾਮ ਬਾਜ਼ਾਰ ਤੋਂ ਘਰ ਆਇਆ ਸੀ, ਜਿਵੇਂ ਹੀ ਉਹ ਆਪਣੇ ਘਰ ਨੇੜੇ ਪੁੱਜਾ ਤਾਂ ਉਸ ਦੀ ਉਡੀਕ ‘ਚ ਪਹਿਲਾਂ ਤੋਂ ਹੀ ਬੈਠੇ ਹਮਲਾਵਰਾਂ ਨੇ ਉਨ੍ਹਾਂ ਦੇ ਮੋਟਰਸਾਈਕਲ ‘ਚ ਆਪਣਾ ਮੋਟਰਸਾਈਕਲ ਮਾਰ ‘ਤੇ ਵਰੁਣ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ।

ਇਸ ਦੌਰਾਨ ਵਰੁਣ ਦੇ ਸਿਰ ਤੋਂ ਇਲਾਵਾ ਸਰੀਰ ਦੇ ਕਈ ਹਿੱਸਿਆਂ ‘ਤੇ ਗੰਭੀਰ ਸੱਟਾਂ ਲੱਗੀਆਂ। ਰੌਲਾ ਸੁਣ ਕੇ ਮੁਹੱਲੇ ਦੇ ਲੋਕ ਇਕੱਠਾ ਹੁੰਦੇ ਦੇਖ ਹਮਲਾਵਰ ਮੌਕੇ ਤੋਂ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਫਰਾਰ ਹੋ ਗਏ, ਜਦੋਂ ਕਿ ਲੋਕਾਂ ਨੇ ਵਰੁਣ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਤੇ ਇਸ ਦੀ ਜਾਣਕਾਰੀ ਬੰਗਾ ਸਿਟੀ ਪੁਲਸ ਨੂੰ ਦਿੱਤੀ। ਕੁਝ ਮਿੰਟਾਂ ਬਾਅਦ ਮੌਕੇ ‘ਤੇ ਪੁਲਸ ਪੁੱਜ ਗਈ ਅਤੇ ਹਮਲਾਵਰਾਂ ਵੱਲੋਂ ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਉਕਤ ਹਮਲਾਵਰਾਂ ਨੇ ਇਹ ਹਮਲਾ ਕਿਉਂ ਕੀਤਾ।

ਕੀ ਕਹਿਣਾ ਹੈ ਪੁਲਸ ਦਾ: ਮੌਕੇ ‘ਤੇ ਪੁੱਜੇ ਏ.ਐੱਸ.ਆਈ. ਕੇਵਲ ਕ੍ਰਿਸ਼ਨ ਤੇ ਏ.ਐੱਸ.ਆਈ. ਰਾਮ ਲਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਮਲਾਵਰਾਂ ਵੱਲੋਂ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ, ਜਲਦ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

Add a Comment

Your email address will not be published. Required fields are marked *