ਕਾਂਗਰਸ ਨੇ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ‘ਚ ਸਾਬਕਾ ਸੰਸਦ ਮੈਂਬਰ ਜੈ ਪ੍ਰਕਾਸ਼ ਨੂੰ ਦਿੱਤਾ ਟਿਕਟ
![](http://mehakewattan.com/wp-content/uploads/2022/10/2022_10image_17_03_070175786congress-ll.jpg)
ਹਰਿਆਣਾ – ਹਰਿਆਣਾ ‘ਚ ਵਿਰੋਧੀ ਧਿਰ ਕਾਂਗਰਸ ਨੇ ਆਦਮਪੁਰ ਵਿਧਾਨ ਸਭਾ ਸੀਟ ‘ਤੇ ਅਗਲੇ ਮਹੀਨੇ ਹੋਣ ਵਾਲੀ ਜ਼ਿਮਨੀ ਚੋਣ ਲਈ ਸਾਬਕਾ ਸੰਸਦ ਮੈਂਬਰ ਜੈ ਪ੍ਰਕਾਸ਼ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ। ਪਾਰਟੀ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਕਾਸ਼ ਦੀ ਉਮੀਦਵਾਰੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। 2 ਦਿਨ ਪਹਿਲਾਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਕਿਹਾ ਸੀ ਕਿ ਕਾਂਗਰਸ ਜ਼ਿਮਨੀ ਚੋਣ ‘ਚ ਮਜ਼ਬੂਤ ਉਮੀਦਵਾਰ ਨੂੰ ਟਿਕਟ ਦੇਵੇਗੀ। ਕਾਂਗਰਸ ਨੇਤਾ ਕਿਰਨ ਚੌਧਰੀ ਨੇ ਜ਼ਿਮਨੀ ਚੋਣ ਲਈ ਉਮੀਦਵਾਰ ਦੇ ਨਾਮ ਨੂੰ ਅੰਤਿਮ ਰੂਪ ਦੇਣ ‘ਚ ਦੇਰੀ ਨੂੰ ਲੈ ਕੇ ਸਵਾਲ ਉਠਾਇਆ ਸੀ, ਜਿਸ ਤੋਂ ਬਾਅਦ ਹੁੱਡਾ ਦੀ ਟਿੱਪਣੀ ਆਈ ਸੀ। ਪ੍ਰਕਾਸ਼ ਨੂੰ ਹੁੱਡਾ ਦਾ ਕਰੀਬੀ ਮੰਨਿਆ ਜਾਂਦਾ ਹੈ।
ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਨੇ 3 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ‘ਚ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਸੀ। ਹਿਸਾਰ ਜ਼ਿਲ੍ਹੇ ਦੀ ਆਦਮਪੁਰ ਤੋਂ ਕਾਂਗਰਸ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਅਗਸਤ ‘ਚ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ 4 ਅਗਸਤ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੇ ਅਸਤੀਫ਼ੇ ਕਾਰਨ ਸੀਟ ‘ਤੇ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ। ਭਾਜਪਾ ਨੇ ਬਿਸ਼ਨੋਈ ਦੇ ਪੁੱਤਰ ਭਵਯ ਨੂੰ ਟਿਕਟ ਦਿੱਤਾ ਹੈ। ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਭਰਨ ਦੀ ਆਖ਼ਰੀ ਤਾਰੀਖ਼ 14 ਅਕਤੂਬਰ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ 15 ਅਕਤੂਬਰ ਨੂੰ ਕੀਤੀ ਜਾਵੇਗੀ, ਜਦੋਂ ਕਿ 17 ਅਕਤੂਬਰ ਤੱਕ ਨਾਮ ਵਾਪਸ ਲਏ ਜਾ ਸਕਦੇ ਹਨ। ਸੀਟ ‘ਤੇ 3 ਨਵੰਬਰ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 6 ਨਵੰਬਰ ਨੂੰ ਕੀਤੀ ਜਾਵੇਗੀ।