ਭਾਰਤ ਜੋੜੋ: ਕਾਂਗਰਸ ਵੱਲੋਂ ਨਾਲੋ-ਨਾਲ ਸੂਬਾ ਪੱਧਰੀ ਯਾਤਰਾਵਾਂ ਦੀ ਤਿਆਰੀ

ਹਿੰਗੋਲੀ, 12 ਨਵੰਬਰ

ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਭਾਰਤ ਜੋੜੋ ਯਾਤਰਾ’ ਹਿੰਗੋਲੀ ਜ਼ਿਲ੍ਹੇ ਦੇ ਸ਼ੇਵਾਲਾ ਤੋਂ ਅੱਜ ਸਵੇਰੇ ਅੱਗੇ ਵਧੀ। ਮਹਾਰਾਸ਼ਟਰ ਵਿਚ ਅੱਜ ਯਾਤਰਾ ਦਾ ਛੇਵਾਂ ਦਿਨ ਪੂਰਾ ਹੋ ਗਿਆ। ਪੈਦਲ ਯਾਤਰਾ ਅੱਜ ਅਰਾਟੀ ਪਿੰਡ, ਇਕ ਬੱਸ ਸਟੈਂਡ ਤੇ ਹਾਈ ਸਕੂਲ ਦੇ ਮੈਦਾਨ ਵਿਚੋਂ ਗੁਜ਼ਰੀ। ਸੀਨੀਅਰ ਪਾਰਟੀ ਆਗੂ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਕੁੱਲ 3570 ਕਿਲੋਮੀਟਰ ਪੈਂਡੇ ਦਾ ਅੱਧਾ ਯਾਤਰਾ ਨੇ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੈਦਲ ਯਾਤਰਾ ਬਾਰੇ ਮਹਾਰਾਸ਼ਟਰ ਵਿਚ ਕਾਫ਼ੀ ਉਤਸ਼ਾਹ ਹੈ। ਪਾਰਟੀ ਦੀਆਂ ਕਈ ਸਹਿਯੋਗੀ ਧਿਰਾਂ ਵੀ ਯਾਤਰਾ ਦਾ ਹਿੱਸਾ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯਾਤਰਾ ਦੇ 22 ਨਵੰਬਰ ਨੂੰ ਮੱਧ ਪ੍ਰਦੇਸ਼ ਵਿਚ ਦਾਖਲ ਹੋਣ ਦੀ ਸੰਭਾਵਨਾ ਹੈ। ਸਬ-ਯਾਤਰਾਵਾਂ ਬਾਰੇ ਗੱਲ ਕਰਦਿਆਂ ਰਮੇਸ਼ ਨੇ ਕਿਹਾ ਕਿ ਉੜੀਸਾ ਪਹਿਲਾ ਸੂਬਾ ਹੈ ਜਿੱਥੇ ਮੁੱਖ ਯਾਤਰਾ ਦੇ ਨਾਲੋ-ਨਾਲ 31 ਅਕਤੂਬਰ ਨੂੰ ਪੈਦਲ ਮਾਰਚ ਆਰੰਭਿਆ ਗਿਆ ਹੈ। ਅਸਾਮ ਵਿਚ ਵੀ ਪਹਿਲੀ ਨਵੰਬਰ ਤੋਂ 850 ਕਿਲੋਮੀਟਰ ਲੰਮੀ ਯਾਤਰਾ ਵਿੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ 19 ਨਵੰਬਰ ਨੂੰ ਤ੍ਰਿਪੁਰਾ ਕਾਂਗਰਸ ਵੱਲੋਂ ਵੀ ਯਾਤਰਾ ਆਰੰਭੀ ਜਾ ਰਹੀ ਹੈ। ਇਸ ਤੋਂ ਇਲਾਵਾ ਇਲਾਵਾ ਪੱਛਮੀ ਬੰਗਾਲ ਤੇ ਬਿਹਾਰ ਵਿਚ ਵੀ ਯਾਤਰਾਵਾਂ ਆਰੰਭੀਆਂ ਜਾ ਰਹੀਆਂ ਹਨ। ਕਾਂਗਰਸ ਨੇ ਅੱਜ ਕਿਹਾ ਕਿ ਯਾਤਰਾ ਦੀ ਅਗਵਾਈ ਕਰ ਰਹੇ ਪਾਰਟੀ ਆਗੂ ਸੰਸਦ ਦੇ ਅਗਾਮੀ ਸਰਦ ਰੁੱਤ ਸੈਸ਼ਨ ਵਿਚ ਹਿੱਸਾ ਨਹੀਂ ਲੈਣਗੇ। ਸੈਸ਼ਨ ਦੇ ਦਸੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ ਇਹ ਮਹੀਨੇ ਦੇ ਅਖੀਰ ਤੱਕ ਚੱਲੇਗਾ। ਸੂਤਰਾਂ ਮੁਤਾਬਕ ਸੈਸ਼ਨ 7 ਦਸੰਬਰ ਤੋਂ 29 ਦਸੰਬਰ ਤੱਕ ਰੱਖਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। 

Add a Comment

Your email address will not be published. Required fields are marked *