ਭਾਰਤੀ-ਅਮਰੀਕੀ ਸੰਸਦ ਮੈਂਬਰ ਜਯਾਪਾਲ ਨੂੰ ਧਮਕੀ ਦੇਣ ਵਾਲੇ ਖ਼ਿਲਾਫ਼ ਦੋਸ਼ ਤੈਅ

ਵਾਸ਼ਿੰਗਟਨ, 28 ਜੁਲਾਈ

ਅਮਰੀਕਾ ’ਚ ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰਮਿਲਾ ਜਯਾਪਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ 49 ਸਾਲਾ ਵਿਅਕਤੀ ’ਤੇ ਅਪਰਾਧਿਕ ਢੰਗ ਨਾਲ ਪਿੱਛਾ ਕਰਨ ਦਾ ਦੋਸ਼ ਤੈਅ ਕੀਤਾ ਗਿਆ ਹੈ। ਕਿੰਗ ਕਾਊਂਟੀ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਕਿਹਾ ਕਿ ਪੁਲੀਸ ਦੀ ਜਾਂਚ ਦੌਰਾਨ ਬਰੈੱਟ ਫੋਰਸੈੱਲ ਖ਼ਿਲਾਫ਼ ਹੋਰ ਸਬੂਤ ਮਿਲਣ ਮਗਰੋਂ ਉਸ ’ਤੇ ਦੋਸ਼ ਆਇਦ ਕੀਤੇ ਗਏ ਹਨ। ਲੰਘੀ 9 ਜੁਲਾਈ ਦੀ ਰਾਤ ਨੂੰ ਜਯਾਪਾਲ ਦੇ ਘਰ ਦੇ ਬਾਹਰ ਖੜ੍ਹੇ ਹੋ ਕੇ ਇਤਰਾਜ਼ਯੋਗ ਭਾਸ਼ਾ ਵਰਤਣ ਦੇ ਦੋਸ਼ ਹੇਠ ਫੋਰਸੈੱਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਉਸ ਸਮੇਂ ਰਿਹਾਅ ਕਰ ਦਿੱਤਾ ਗਿਆ ਜਦੋਂ ਵਕੀਲਾਂ ਨੇ ਕਿਹਾ ਕਿ ਉਸ ’ਤੇ ਨਸਲੀ ਨਫਰਤ ਦੇ ਦੋਸ਼ ਲਾਉਣ ਲਈ ਲੋੜੀਂਦੇ ਸਬੂਤ ਨਹੀਂ ਹਨ। ਹਾਲਾਂਕਿ ਅਥਾਰਿਟੀ ਨੇ ਕਿਹਾ ਸੀ ਕਿ ਉਸ ਖ਼ਿਲਾਫ਼ ਜਾਂਚ ਜਾਰੀ ਰਹੇਗੀ। ਸਰਕਾਰੀ ਵਕੀਲ ਨੇ ਕਿਹਾ ਕਿ ਬਾਅਦ ਵਿੱਚ ਪੁਲੀਸ ਨੇ ਉਸ ਖ਼ਿਲਾਫ਼ ਪਿੱਛਾ ਕਰਨ ਦਾ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ। 2016 ’ਚ ਅਮਰੀਕਾ ਦੇ ਨੁਮਾਇੰਦਾ ਸਦਨ ਲਈ ਚੁਣੀ ਜਾਣ ਵਾਲੀ ਜਯਾਪਾਲ ਪਹਿਲੀ ਭਾਰਤੀ-ਅਮਰੀਕੀ ਮਹਿਲਾ ਸੀ।

ਪੁਲੀਸ ਨੇ 9 ਜੁਲਾਈ ਦੀ ਰਾਤ 11.25 ਵਜੇ ਫੋਰਸੈੱਲ ਨੂੰ ਜਯਾਪਾਲ ਦੀ ਰਿਹਾਇਸ਼ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਸੀ। ਇਸ ਸਬੰਧੀ ਜਯਾਪਾਲ ਨੇ ਪੁਲੀਸ ਨੂੰ ਸੂਚਿਤ ਕੀਤਾ ਸੀ। 

Add a Comment

Your email address will not be published. Required fields are marked *