CM ਮਾਨ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢੇਗਾ ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਇਕ ਸਾਲ ਪਹਿਲਾਂ ਉਨ੍ਹਾਂ ਦੀ ਆਪਣੀ ਭੈਣ ਸਿੱਪੀ ਸ਼ਰਮਾ ਨਾਲ ਕੀਤੇ ਵਾਅਦੇ ਨੂੰ ਯਾਦ ਕਰਵਾਏਗਾ। ਇਸ ਦੇ ਨਾਲ ਹੀ ਸੂਬੇ ‘ਚ ‘ਆਪ’ ਪਾਰਟੀ ਦੇ ਸੱਤਾ ‘ਚ ਆਉਣ ’ਤੇ ਫਿਜ਼ੀਕਲ ਟ੍ਰੇਨਿੰਗ ਇੰਸਟ੍ਰੱਕਟਰਜ਼ (ਪੀ. ਟੀ. ਆਈ.) ਨੂੰ ਰੈਗੂਲਰ ਕਰਨ ਦੇ ਵਾਅਦੇ ਦੀ ਯਾਦ ਦਿਵਾਉਣ ਲਈ ਪਾਰਟੀ ਵੱਲੋਂ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢਿਆ ਜਾਵੇਗਾ।

ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਬਣਾਏ ਗਏ ਭਾਈ-ਭੈਣ ਦੇ ਪਵਿੱਤਰ ਰਿਸ਼ਤੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ, ‘ਕੇਜਰੀਵਾਲ ਨੇ 23 ਅਕਤੂਬਰ ਨੂੰ ਇਸ ਸਥਾਨ ਦਾ ਦੌਰਾ ਕੀਤਾ ਸੀ ਅਤੇ ਸਿੱਪੀ ਸ਼ਰਮਾ ਨੂੰ ਭਰਾ ਵਜੋਂ ਭਰੋਸਾ ਦੁਆਇਆ ਸੀ ਕਿ ‘ਆਪ’ ਸਰਕਾਰ ਬਣਨ ਤੋਂ ਬਾਅਦ ਸਾਰੇ ਫਿਜ਼ੀਕਲ ਇੰਸਟ੍ਰੱਕਟਰਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ। ਇਹ ਬਹੁਤ ਮੰਦਭਾਗਾ ਹੈ ਕਿ ਸਿੱਪੀ ਸ਼ਰਮਾ ਨੂੰ ਉਹੀ ਵਾਅਦਾ ਯਾਦ ਕਰਾਉਣ ਲਈ ਦੁਬਾਰਾ ਉਸੇ ਟੈਂਕੀ ’ਤੇ ਚੜ੍ਹਨਾ ਪਿਆ, ਜੋ ਉਸ ਦੇ ਭਰਾ ਨੇ 27 ਨਵੰਬਰ, 2021 ਨੂੰ ਉਸ ਨਾਲ ਕੀਤਾ ਸੀ।

ਮਜੀਠੀਆ ਨੇ ਅੰਦੋਲਨ ਕਰ ਰਹੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਅਕਾਲੀ ਦਲ, ਕੇਜਰੀਵਾਲ ਨੂੰ ਵਾਅਦੇ ਤੋਂ ਪਿੱਛੇ ਨਹੀਂ ਹਟਣ ਦੇਵੇਗਾ। ਇਸ ਦੌਰਾਨ ਸਿੱਪੀ ਸ਼ਰਮਾ ਨੇ ਮਜੀਠੀਆ ਨੂੰ ਦੱਸਿਆ ਕਿ ਸਤੌਜ ਤੇ ਮੁੱਖ ਮੰਤਰੀ ਦੇ ਹਲਕੇ ਦੇ ਭੌਤਿਕ ਸਿੱਖਿਆ ਦੇ ਅਧਿਆਪਕ ਵੀ ਇਨਸਾਫ਼ ਲਈ ਅੰਦੋਲਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਇਨਸਾਫ਼ ਦੁਆਇਆ ਜਾਵੇਗਾ, ਪਰ ਕੁੱਝ ਨਹੀਂ ਕੀਤਾ ਗਿਆ।

Add a Comment

Your email address will not be published. Required fields are marked *