ਫ੍ਰਾਂਸੀਸੀ ਕੰਪਨੀ ’ਤੇ ਅਰਬਾਂ ਦਾ ਟੈਕਸ ਚੋਰੀ ਦਾ ਲੱਗਾ ਦੋਸ਼, ਕੰਪਨੀ ਨੇ ਦਿੱਤੀ ਚੁਣੌਤੀ

ਨਵੀਂ ਦਿੱਲੀ  – ਫ੍ਰਾਂਸ ਦੀ ਦਿੱਗਜ਼ ਕੰਪਨੀ ਪਰਨੋਡ ਰਿਕਰਡ ’ਤੇ 20.2 ਅਰਬ ਰੁਪਏ ਦੀ ਟੈਕਸ ਚੋਰੀ ਦਾ ਦੋਸ਼ ਹੈ। ਫ੍ਰਾਂਸ ਦੀ ਇਹ ਕੰਪਨੀ ਸ਼ੀਵਾਜ ਰੀਗਲ ਸ਼ਰਾਬ ਵੇਚਦੀ ਹੈ। ਇਸ ਮਾਮਲੇ ’ਚ ਭਾਰਤੀ ਟੈਕਸ ਅਧਿਕਾਰੀਆਂ ਨੇ ਕੰਪਨੀ ਨੂੰ ਨੋਟਿਸ ਭੇਜਿਆ ਹੈ।

ਇਕ ਖਬਰ ਮੁਤਾਬਕ ਭਾਰਤੀ ਅਧਿਕਾਰੀਆਂ ਵਲੋਂ ਕੰਪਨੀ ਨੂੰ ਜੋ ਨੋਟਿਸ ’ਚ ਕਿਹਾ ਗਿਆ ਹੈ ਕਿ ਪਰਨੋਡ ਇੰਡੀਆ ਨੇ ਸਾਲ 2009-10 ਤੋਂ 2020-21 ਦੌਰਾਨ ਇੰਪੋਰਟ ਸ਼ਰਾਬ ਦਾ ਘੱਟ ਮੁਲਾਂਕਣ ਕੀਤਾ ਹੈ ਯਾਨੀ ਸ਼ਰਾਬ ਦੀ ਕੀਮਤ ਘੱਟ ਦੱਸੀ ਹੈ। ਇਸ ਕਾਰਨ ਕੰਪਨੀ ਨੇ ਘੱਟ ਇੰਪੋਰਟ ਡਿਊਟੀ ਅਦਾ ਕੀਤੀ। ਇਸ ਕੰਪਨੀ ’ਤੇ ਸਾਲ 2020 ਤੱਕ 24.4 ਕਰੋੜ ਡਾਲਰ ਨਾਲ ਵਾਧੂ ਵਿਆਜ ਬਕਾਇਆ ਹੈ। ਆਈ. ਡਬਲਯੂ. ਐੱਸ. ਆਰ. ਡ੍ਰਿੰਕਸ ਮਾਰਕੀਟ ਦੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸ਼ੀਵਾਜ ਰੀਗਲ, ਗਲੈਨਲਿਵੇਟ, ਬਲੈਂਡਰਸ ਪ੍ਰਾਈਡ ਅਤੇ 100 ਪਾਈਪਰਸ ਵਰਗੇ ਬ੍ਰਾਂਡ ਨਾਲ ਪਰਨੋਡ ਦੀ ਭਾਰਤੀ ਸ਼ਰਾਬ ਬਾਜ਼ਾਰ ’ਚ 17 ਫੀਸਦੀ ਹਿੱਸੇਦਾਰੀ ਹੈ।

ਕੰਪਨੀ ਨੇ ਦਿੱਤੀ ਚੁਣੌਤੀ

ਇਸ ਮਾਮਲੇ ’ਚ ਫ੍ਰਾਂਸ ਦੀ ਇਸ ਦਿੱਗਜ਼ ਕੰਪਨੀ ਨੇ ਭਾਰਤੀ ਕੋਰਟ ’ਚ ਟੈਕਸ ਸਬੰਧੀ ਮੰਗ ਨੂੰ ਚੁਣੌਤੀ ਦਿੱਤੀ ਹੈ। ਇਸ ਮਾਮਲੇ ’ਚ ਹੁਣ ਮੰਗਲਵਾਰ ਨੂੰ ਸੁਣਵਾਈ ਹੋਣੀ ਹੈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਸਭ ਵਿਵਾਦਾਂ ਕਾਰਨ ਨਵੇਂ ਨਿਵੇਸ਼ ਪ੍ਰਭਾਵਿਤ ਹੋ ਰਹੇ ਹਨ। ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਇੰਪੋਰਟ ਡਿਊਟੀ ਨੂੰ ਕਾਫੀ ਘੱਟ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਇਸ ’ਚ ਕਈ ਸੂਬਿਆਂ ਦੇ ਸਥਾਨਕ ਟੈਕਸ ਵੀ ਹੁੰਦੇ ਹਨ। ਕਈ ਖੇਤਰਾਂ ’ਚ ਇਹ 250 ਫੀਸਦੀ ਤੱਕ ਹਨ। ਕੰਪਨੀ ਦੇ ਮੁਤਾਬਕ ਉਹ ਪੂਰੀ ਪਾਰਦਰਸ਼ਿਤਾ ਨਾਲ ਨਿਯਮਾਂ ਦੀ ਪਾਲਣਾ ਕਰ ਰਹੀ ਹੈ। ਇਸ ਦੇ ਨਾਲ ਅਧਿਕਾਰੀਆਂ ਦੇ ਸਾਹਮਣੇ ਆਪਣਾ ਪੱਖ ਰੱਖ ਰਹੀ ਹੈ।

Add a Comment

Your email address will not be published. Required fields are marked *