ਲਹਿੰਦੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਨੂੰ ਰਾਸ਼ਟਰਪਤੀ ਨੇ ਦਿਵਾਇਆ ਹਲਫ਼

ਇਸਲਾਮਾਬਾਦ, 27 ਜੁਲਾਈ

ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਚੌਧਰੀ ਪਰਵੇਜ਼ ਇਲਾਹੀ ਨੇ ਅੱਜ ਵੱਡੇ ਤੜਕੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਪੰਜਾਬ ਦੇ ਰਾਜਪਾਲ ਬਾਲਿਗ-ਉਰ-ਰਹਿਮਾਨ ਨੂੰ ਇਲਾਹੀ ਨੂੰ ਹਲਫ਼ ਦਿਵਾਉਣ ਦੇ ਹੁਕਮ ਕੀਤੇ ਸਨ। ਰਹਿਮਾਨ ਨੇ ਹਾਲਾਂਕਿ ਆਪਣਾ ਫ਼ਰਜ਼ ਨਿਭਾਉਣ ਤੋਂ ਨਾਂਹ ਕਰ ਦਿੱਤੀ। 

ਇਸ ਮਗਰੋਂ ਇਲਾਹੀ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਮੰਗਲਵਾਰ ਦੇਰ ਰਾਤ ਨੂੰ ਇਸਲਾਮਾਬਾਦ ਲਈ ਰਵਾਨਾ ਹੋ ਗਏ, ਜਿੱਥੇ ਮੁਲਕ ਦੇ ਸਦਰ ਆਰਿਫ਼ ਅਲਵੀ ਨੇ ਬੁੱਧਵਾਰ ਵੱਡੇ ਤੜਕੇ ਉਨ੍ਹਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸਦਰ ਅਲਵੀ ਨੇ ਇਲਾਹੀ ਨੂੰ ਸਹੁੰ ਚੁੱਕ ਸਮਾਗਮ ਵਾਸਤੇ ਇਸਲਾਮਾਬਾਦ ਲਿਆਉਣ ਲਈ ਵਿਸ਼ੇਸ਼ ਜਹਾਜ਼ ਭੇਜਿਆ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਤੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ ਜਦੋਂਕਿ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਫੈਸਲੇ ਨੂੰ ‘ਨਿਆਂਇਕ ਬ਼ਗਾਵਤ’ ਦੱਸ ਕੇੇ ਸਿਖਰਲੀ ਕੋਰਟ ਨੂੰ ਭੰਡਿਆ ਹੈ। ਸਿਖਰਲੀ ਕੋਰਟ ਨੇ ਮੰਗਲਵਾਰ ਰਾਤ ਨੂੰ ਸੁਣਾਏ ਫੈਸਲੇ ਵਿੱਚ ਪੰਜਾਬ ਅਸੈਂਬਲੀ ਦੇ ਡਿਪਟੀ ਸਪੀਕਰ ਦੇ ਫੈਸਲੇ ਨੂੰ ਖਾਰਜ ਕਰਦਿਆਂ ਪੀਐੱਮਐੱਲ-ਕਾਇਦ ਦੇ ਆਗੂ ਨੂੰ ਸਿਆਸੀ ਪੱਖੋਂ ਮੁਲਕ ਦੇ ਸਭ ਤੋਂ ਅਹਿਮ ਸੂੁਬੇ ਦਾ ਮੁੱਖ ਮੰਤਰੀ ਨਾਮਜ਼ਦ ਕਰ ਦਿੱਤਾ ਸੀ। ਚੀਫ਼ ਜਸਟਿਸ ਉਮਰ ਅਤਾ ਬੰਡਿਆਲ, ਜਸਟਿਸ ਇਜਾਜ਼ੁਲ ਅਹਿਸਨ ਤੇ ਜਸਟਿਸ ਮੁਨੀਬ ਅਖ਼ਤਰ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਡਿਪਟੀ ਸਪੀਕਰ ਸਰਦਾਰ ਦੋਸਤ ਮੁਹੰਮਦ ਮਜ਼ਾਰੀ ਦੇ ਪੀਐੱਮਐੱਲ-ਕਾਇਦ ਦੀਆਂ ਦਸ ਵੋਟਾਂ ਰੱਦ ਕਰਨ ਦੇ ਵਿਵਾਦਿਤ ਫੈਸਲੇ ਨੂੰ ‘ਗੈਰਕਾਨੂੰਨੀ’ ਕਰਾਰ ਦਿੱਤਾ ਸੀ। 

ਸੁਪਰੀਮ ਕੋਰਟ ਦਾ ਫੈਸਲਾ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਲਈ ਵੱਡਾ ਝਟਕਾ ਸੀ ਕਿਉਂਕਿ ਸਿਖਰਲੀ ਕੋਰਟ ਦੇ ਫੈਸਲੇ ਮਗਰੋਂ ਵਜ਼ੀਰੇ ਆਜ਼ਮ ਦੇ ਪੁੱਤ ਹਮਜ਼ਾ ਸ਼ਰੀਫ਼ ਨੂੰ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪੈ ਗਈ ਹੈ। ਪਰਵੇਜ਼ ਇਲਾਹੀ ਬਹੁਮੱਤ ਲਈ ਲੋੜੀਂਦੀਆਂ ਵੋਟਾਂ ਮਿਲਣ ਦੇ ਬਾਵਜੂਦ ਲੰਘੇ ਸ਼ੁੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਲਈ ਹੋਈ ਚੋਣ ਹਾਰ ਗਏ ਸਨ। 

ਇਲਾਹੀ ਨੂੰ 186 ਜਦੋਂਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਉਮੀਦਵਾਰ ਹਮਜ਼ਾ ਨੂੰ 179 ਵੋਟ ਮਿਲੇ ਸਨ। ਅਸੈਂਬਲੀ ਦੇ ਡਿਪਟੀ ਸਪੀਕਰ ਨੇ ਪੀਐੱਮਐੱਲ-ਕਾਇਦ ਦੇ 10 ਮੈਂਬਰਾਂ ਵੱਲੋਂ ਇਲਾਹੀ ਦੇ ਹੱਕ ਵਿੱਚ ਪਾਈ ਵੋਟ ਨੂੰ ਪਾਰਟੀ ਦੇ ਮੁਖੀ ਚੌਧਰੀ ਸ਼ੁਜਾਤ ਹੁਸੈਨ ਦੇ ਪੱਤਰ ਦੇ ਹਵਾਲੇ ਨਾਲ ਰੱਦ ਕਰ ਦਿੱਤਾ ਸੀ। ਇਸ ਤਰ੍ਹਾਂ ਇਲਾਹੀ ਤਿੰਨ ਵੋਟਾਂ ਨਾਲ ਚੋਣ  ਹਾਰ ਗਏ ਸਨ। ਇਲਾਹੀ ਨੇ ਡਿਪਟੀ ਸਪੀਕਰ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। 

ਇਮਰਾਨ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ, ‘‘ਮੈਂ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ, ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਦੇ ਬਾਵਜੂਦ, ਸੰਵਿਧਾਨ ਤੇ ਕਾਨੂੰਨ ਦੀ ਕਾਇਮੀ ਲਈ ਲਏ ਫੈਸਲੇ ਦੀ ਸ਼ਲਾਘਾ ਕਰਦਾ ਹਾਂ। ਮੈਂ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਜ਼ਿਮਨੀ ਚੋਣਾਂ ਦੌਰਾਨ ਬੇਮਿਸਾਲ ਗਿਣਤੀ ਵਿੱਚ ਘਰਾਂ ’ਚੋਂ ਨਿਕਲ ਕੇ ਵੋਟਾਂ ਪਾਈਆਂ।’’

Add a Comment

Your email address will not be published. Required fields are marked *