ਉੱਘੇ ਕਾਰੋਬਾਰੀ ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ

ਮੁੰਬਈ, 14 ਅਗਸਤ

ਸ਼ੇਅਰ ਬਾਜ਼ਾਰ ਦੇ ਉੱਘੇ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ 62 ਵਰ੍ਹਿਆਂ ਦੇ ਸਨ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ ਹੈ। ਦਲਾਲ ਸਟਰੀਟ ਦੇ ‘ਬਿਗ ਬੁੱਲ’ ਵਜੋਂ ਜਾਣੇ ਜਾਂਦੇ ਰਾਕੇਸ਼ ਨੇ ਆਪਣਾ ਕਾਰੋਬਾਰ ਖ਼ੁਦ ਖੜ੍ਹਾ ਕੀਤਾ। ਵਪਾਰ ਵਿਚ ਪੈਰ ਧਰਨ ਤੋਂ ਬਾਅਦ ਉਨ੍ਹਾਂ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕੀਤਾ ਤੇ ਵੱਡੇ ਕਾਰੋਬਾਰੀ ਬਣੇ। ਉਨ੍ਹਾਂ ਕੋਲ ਕਰੀਬ 46 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਹੈ। ‘ਫੋਰਬਜ਼’ ਰਸਾਲੇ ਦੀ 2021 ਵਿਚ ਆਈ ਸੂਚੀ ਮੁਤਾਬਕ ਝੁਨਝੁਨਵਾਲਾ ਭਾਰਤ ਦੇ 36ਵੇਂ ਸਭ ਤੋਂ ਅਮੀਰ ਵਿਅਕਤੀ ਸਨ। ਉਨ੍ਹਾਂ ਨੇ ਹਾਲ ਹੀ ਵਿਚ ਇਕ ਏਅਰਲਾਈਨ ਵੀ ਸ਼ੁਰੂ ਕੀਤੀ ਸੀ। ਆਮਦਨ ਕਰ ਅਧਿਕਾਰੀ ਦੇ ਪੁੱਤਰ ਰਾਕੇਸ਼ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਤਿੰਨ ਬੱਚੇ ਹਨ। ਰਾਕੇਸ਼ ਦਾ ਜਨਮ 1960 ਵਿਚ ਇਕ ਰਾਜਸਥਾਨੀ ਪਰਿਵਾਰ ਵਿਚ ਹੋਇਆ ਤੇ ਉਨ੍ਹਾਂ ਦਾ ਜ਼ਿਆਦਾਤਰ ਪਾਲਣ-ਪੋਸ਼ਣ ਮੁੰਬਈ ਵਿਚ ਹੋਇਆ। ਰਾਕੇਸ਼ ਨੇ ਚਾਰਟਰਡ ਅਕਾਊਂਟੈਂਟ (ਸੀਏ) ਦੀ ਸਿੱਖਿਆ ਹਾਸਲ ਕੀਤੀ ਸੀ। ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਉਹ ਕਿਡਨੀ ਤੇ ਦਿਲ ਦੇ ਰੋਗਾਂ ਤੋਂ ਪੀੜਤ ਸਨ। ਕਈ ਸਮਾਗਮਾਂ ’ਤੇ ਉਨ੍ਹਾਂ ਨੂੰ ਵੀਲ੍ਹਚੇਅਰ ਉਤੇ ਵੀ ਦੇਖਿਆ ਗਿਆ ਸੀ। ਐਤਵਾਰ ਸੁਵੱਖਤੇ ਝੁਨਝੁਨਵਾਲਾ ਨੂੰ ਬ੍ਰੀਚ ਕੈਂਡੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਝੁਨਝੁਨਵਾਲਾ ‘ਹੰਗਾਮਾ ਮੀਡੀਆ’ ਤੇ ‘ਐਪਟੈੱਕ’ ਦੇ ਵੀ ਚੇਅਰਮੈਨ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ, ਕਾਰੋਬਾਰੀ ਗੌਤਮ ਅਡਾਨੀ, ਐੱਨ. ਚੰਦਰਸ਼ੇਖਰਨ ਅਤੇ ਹੋਰਾਂ ਕਈ ਸਿਆਸੀ-ਕਾਰੋਬਾਰੀਆਂ ਆਗੂਆਂ ਨੇ ਝੁਨਝੁਨਵਾਲਾ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। 

Add a Comment

Your email address will not be published. Required fields are marked *