ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

  • ਆਰਥਿਕ ਸੁਧਾਰਾਂ ਦੇ ਨਾਲ ਲੋਕਾਂ ਦੀ ਭਲਾਈ ਲਈ ਕਦਮ ਚੁੱਕੇ ਜਾਣ ਦਾ ਕੀਤਾ ਦਾਅਵਾ

ਨਵੀਂ ਦਿੱਲੀ, 14 ਅਗਸਤ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਾ ਪਤਾ ਲਾਉਣ ਵਿਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅੱਜ ਸੰਵੇਦਨਸ਼ੀਲਤਾ ਤੇ ਦਿਆਲਤਾ ਦੀਆਂ ਕਦਰਾਂ-ਕੀਮਤਾਂ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ ਤੇ ਇਨ੍ਹਾਂ ਦਾ ਮੁੱਖ ਮੰਤਵ ਪੱਛੜਿਆਂ, ਜ਼ਰੂਰਤਮੰਦਾਂ ਤੇ ਸਮਾਜ ਦੇ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ। ਮੁਰਮੂ ਨੇ 76ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਰਾਸ਼ਟਰ ਦੇ ਨਾਂ ਆਪਣੇ ਪਹਿਲੇ ਸੰਬੋਧਨ ਵਿਚ ਕਿਹਾ ਕਿ ਮਹੱਤਵਪੂਰਨ ਆਰਥਿਕ ਸੁਧਾਰਾਂ ਦੇ ਨਾਲ ਲੋਕਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਤੇ ਦੁਨੀਆ ਨੇ ਹਾਲ ਦੇ ਸਾਲਾਂ ਵਿਚ ਨਵੇਂ ਭਾਰਤ ਨੂੰ ਵਿਕਸਿਤ ਹੁੰਦਿਆਂ ਦੇਖਿਆ ਹੈ, ਖਾਸ ਕਰ ਕੇ ਕੋਵਿਡ-19 ਮਹਾਮਾਰੀ ਤੋਂ ਬਾਅਦ ਭਾਰਤ ਤੇਜ਼ੀ ਨਾਲ ਉੱਭਰਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਜਦ ਭਾਰਤ ਨੂੰ ਆਜ਼ਾਦੀ ਮਿਲੀ, ਤਾਂ ਦੁਨੀਆ ਦੇ ਕਈ ਨੇਤਾ ਤੇ ਮਾਹਿਰ ਸਨ ਜਿਨ੍ਹਾਂ ਉਸ ਵੇਲੇ ਗਰੀਬੀ ਤੇ ਅਨਪੜ੍ਹਤਾ ਕਾਰਨ ਭਾਰਤ ਵਿਚ ਸਰਕਾਰ ਦੇ ਲੋਕਤੰਤਰਿਕ ਸਰੂਪ ਦੀ ਸਫ਼ਲਤਾ ਉਤੇ ਖ਼ਦਸ਼ੇ ਜ਼ਾਹਿਰ ਕੀਤੇ ਸਨ। ਉਨ੍ਹਾਂ ਕਿਹਾ ਕਿ ਭਾਰਤ ਨੇ ਸ਼ੱਕ ਜ਼ਾਹਿਰ ਕਰਨ ਵਾਲੇ ਲੋਕਾਂ ਨੂੰ ਗਲਤ ਸਾਬਿਤ ਕੀਤਾ। ਭਾਰਤ ਦੀ ਮਿੱਟੀ ਵਿਚ ਨਾ ਸਿਰਫ਼ ਲੋਕਤੰਤਰ ਦੀਆਂ ਜੜ੍ਹਾਂ ਵਧੀਆਂ, ਬਲਕਿ ਇਹ ਮਜ਼ਬੂਤ ਵੀ ਹੋਇਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਜੋ ਕੁਝ ਵੀ ਹੈ ਸਭ ਮਾਤ ਭੂਮੀ ਦਾ ਦਿੱਤਾ ਹੋਇਆ ਹੈ। ਇਸ ਲਈ ਸਾਨੂੰ ਦੇਸ਼ ਦੀ ਸੁਰੱਖਿਆ, ਤਰੱਕੀ ਤੇ ਖ਼ੁਸ਼ਹਾਲੀ ਲਈ ਆਪਣਾ ਸਭ ਕੁਝ ਸਮਰਪਿਤ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ।

Add a Comment

Your email address will not be published. Required fields are marked *