ਮੇਰੇ ਪੁੱਤਰ ਦੇ ਕਤਲ ’ਚ ਕੁਝ ਪੰਜਾਬੀ ਗਾਇਕਾਂ ਦਾ ਹੱਥ: ਬਲਕੌਰ ਸਿੰਘ

ਮਾਨਸਾ, 14 ਅਗਸਤ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਸ ਦੇ ਪ੍ਰਸ਼ੰਸਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਖ਼ੁਲਾਸਾ ਕੀਤਾ ਕਿ ਸਿੱਧੂ ਨੂੰ ਕਤਲ ਕਰਵਾਉਣ ਵਿੱਚ ਸੂਬੇ ਦੇ ਕੁਝ ਕਲਾਕਾਰਾਂ ਦਾ ਵੀ ਹੱਥ ਹੈ। ਉਨ੍ਹਾਂ ਕਿਹਾ ਕਿ ਉਹ ਇਹ ਖ਼ੁਲਾਸਾ ਅਗਲੇ ਦਿਨਾਂ ਦੌਰਾਨ ਕਰਨਗੇ। ਉਹ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਪਿੰਡ ਮੂਸਾ ਵਿੱਚ ਜੁੜੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਛੋਟੀ ਉਮਰੇ ਸ਼ੁਭਦੀਪ ਨੇ ਜਿੰਨੀ ਪ੍ਰਸਿੱਧੀ ਸੰਸਾਰ ਭਰ ’ਚ ਖੱਟੀ, ਉਹ ਉਸੇ ਦੇ ਨਾਲ ਦੇ ਕਲਾਕਾਰਾਂ ਨੂੰ ਬਰਦਾਸ਼ਤ ਨਹੀਂ ਹੋਈ। ਅਜਿਹੇ ਕਲਾਕਾਰ ਗੈਂਗਸਟਰਾਂ ਕੋਲ ਸਿੱਧੂ ਦੇ ਗੀਤਾਂ ਨੂੰ ਗ਼ਲਤ ਤਰੀਕੇ ਨਾਲ ਉਭਾਰਦੇ ਰਹੇ ਤੇ ਉਨ੍ਹਾਂ ਨੂੰ ਭੜਕਉਂਦੇ ਰਹੇ। ਉਨ੍ਹਾਂ ਇਸ ਗੱਲ ’ਤੇ ਵੀ ਗਿਲਾ ਜ਼ਾਹਿਰ ਕੀਤਾ ਕਿ ਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ ਭਾਗ ਹੈ, ਉਹ ਕਲਾਕਾਰਾਂ ਅਤੇ ਖਿਡਾਰੀਆਂ ਨੂੰ ਆਪਣੇ ਅਨੁਸਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਰਾਜ ਵਿੱਚ ਕਲਾਕਾਰਾਂ, ਖਿਡਾਰੀਆਂ ਦਾ ਪ੍ਰਸਿੱਧ ਹੋਣ ਵੀ ਗੁਨਾਹ ਹੈ। ਬਲਕੌਰ ਸਿੰਘ ਨੇ ਅਜਿਹੇ ਕਲਾਕਾਰਾਂ ਨੂੰ ਕਿਹਾ ਜੋ ਉਸ ਦੇ ਪੁੱਤ ਦੀ ਪ੍ਰਸਿੱਧੀ ਤੋਂ ਚਿੜਦੇ ਸਨ, ਹੁਣ ਮੈਦਾਨ ਖਾਲੀ ਹੈ, ਉਹ ਹੁਣ ਪ੍ਰਸਿੱਧੀ ਖੱਟ ਲੈਣ।ਉਨ੍ਹਾਂ ਗੈਂਗਸਟਰਾਂ ਨੂੰ ਵੀ ਚੁਣੌਤੀ ਦਿੱਤੀ ਕਿ ਨਾ ਕਦੇ ਉਨ੍ਹਾਂ ਦਾ ਪੁੱਤ ਡਰਿਆ ਸੀ, ਨਾ ਹੀ ਹੁਣ ਉਸ ਦਾ ਪਰਿਵਾਰ ਹੁਣ ਡਰਦਾ ਹੈ। ਉਨ੍ਹਾਂ ਨੇ ਹਮੇਸ਼ਾਂ ਹੱਕ-ਸੱਚ ਦੀ ਕਮਾਈ ਕੀਤੀ ਹੈ। ਉਨ੍ਹਾਂ ਦੇ ਪੁੱਤ ਨੇ ਮਿਹਨਤ ਨਾਲ ਦੁਨੀਆਂ ’ਚ ਨਾਂ ਚਮਕਾਇਆ ਹੈ। ਉਨ੍ਹਾਂ ਮੀਡੀਆ ’ਚ ਕਰਾਰਨਾਮੇ ਦੀ ਚਰਚਾ ਨੂੰ ਰੱਦ ਕਰਦਿਆਂ ਕਿਹਾ ਕਿ ਸ਼ੁਭਦੀਪ ਨੇ ਕਦੇ ਕਿਸੇ ਨਾਲ ਕੋਈ ਕਰਾਰ ਨਹੀਂ ਕੀਤਾ। 

Add a Comment

Your email address will not be published. Required fields are marked *