ਮੂਸੇਵਾਲਾ ਦੇ ਨਾਂ ’ਤੇ ਰਾਜਨੀਤੀ ਨਹੀਂ ਕਰੇਗੀ ਕਾਂਗਰਸ: ਵੜਿੰਗ
![](http://mehakewattan.com/wp-content/uploads/2023/04/2023_4largeimg_1231117921.jpg)
ਜਲੰਧਰ, 18 ਅਪਰੈਲ-: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪਸ਼ਟ ਕੀਤਾ ਕਿ ਪਾਰਟੀ ਸਿੱਧੂ ਮੂਸੇਵਾਲੇ ਦੇ ਨਾਂ ’ਤੇ ਕੋਈ ਰਾਜਨੀਤੀ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਜਲੰਧਰ ਉਪ ਚੋਣ ਲਈ ਆਉਣ ਦਾ ਫੈਸਲਾ ਆਪਣਾ ਹੋਵੇਗਾ। ਰਾਜਾ ਵੜਿੰਗ ਨੇ ਇੱਥੇ ਪੰਜਾਬ ਪ੍ਰੈਸ ਕੱਲਬ ਵਿੱਚ ਭਾਜਪਾ ਦੇ ਆਗੂ ਮੌਂਟੀ ਸਹਿਗਲ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਅੱਗੇ ਜਦੋਂ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਨੇ ਧਰਨਾ ਲਾਇਆ ਸੀ ਤਦ ਵੀ ਇਹ ਪਰਿਵਾਰ ਦਾ ਫੈਸਲਾ ਸੀ। ਬਲਕੌਰ ਸਿੰਘ ਹੋਰਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ ਤੇ ਉਹ ਇਨਸਾਫ਼ ਲੈਣ ਲਈ ਹੀ ਯਤਨਸ਼ੀਲ ਹਨ। ਸਾਬਕਾ ਐੱਸਐੱਸਪੀ ਰਾਜਜੀਤ ਸਿੰਘ ਨੂੰ ਬਰਖ਼ਾਸਤ ਕੀਤੇ ਜਾਣ ’ਤੇ ਟਿੱਪਣੀ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਚੋਣਾਂ ਵੇਲੇ ਹੀ ਕਿਉਂ ਕੀਤਾ ਗਿਆ ਹੈ। ਇਹ ਸਾਰਾ ਕੁਝ ਰਾਜਨੀਤਕ ਲਾਭ ਲੈਣ ਲਈ ਕੀਤਾ ਜਾ ਰਿਹਾ ਹੈ। ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਸਰਕਾਰ ਤੋਂ ਸਮਾਜ ਦੇ ਸਾਰੇ ਵਰਗ ਔਖੇ ਹਨ। ‘ਆਪ’ ਨੇ ਜਿਹੜੇ ਵਾਅਦੇ 2022 ਦੀਆਂ ਚੋਣਾਂ ਮੌਕੇ ਕੀਤੇ ਸਨ, ਉਨ੍ਹਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ ਗਿਆ। ਕਾਂਗਰਸ ਵਿੱਚ ਸ਼ਾਮਲ ਹੋਏ ਮੌਂਟੀ ਸਹਿਗਲ ਨੇ ਕਿਹਾ ਕਿ ਭਾਜਪਾ ਆਪਣੇ ਸਿਧਾਂਤ ਤੋਂ ਥਿੜਕ ਚੁੱਕੀ ਹੈ ਤੇ ਕਾਂਗਰਸ ਦੇ ਆਗੂਆਂ ਨੂੰ ਧੜਾਧੜ ਪਾਰਟੀ ਵਿਚ ਸ਼ਾਮਲ ਕਰੀ ਜਾ ਰਹੀ ਹੈ। ਇਸੇ ਕਾਰਨ ਉਨ੍ਹਾਂ ਨੇ ਭਾਜਪਾ ਨੂੰ ਛੱਡਿਆ ਹੈ।