Credit Card ਦੇ ਨਾਂ ‘ਤੇ ਠੱਗੀਆਂ ਮਾਰਨ ਵਾਲਾ ਗਿਰੋਹ ਬੇਪਰਦ

ਫਰੀਦਾਬਾਦ : ਹਰਿਆਣਾ ਵਿਚ ਫਰੀਦਾਬਾਦ ਪੁਲਸ ਨੇ ਕ੍ਰੈਡਿਟ ਕਾਰਡ ਜਾਰੀ ਕਰਨ ਦੇ ਨਾਂ ‘ਤੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਇਸ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਨਿਜੀ ਬੈਂਕ ਦਾ ਸਹਾਇਕ ਪ੍ਰਬੰਧਕ ਵੀ ਸ਼ਾਮਲ ਹੈ। ਪੁਲਸ ਦੇ ਬੁਲਾਰੇ ਸੂਬੇ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਦੀਪਕ, ਤੁਸ਼ਾਰ ਉਰਫ਼ ਗੋਲਡੀ, ਅਕਸ਼ੇ, ਵਿਨੇ ਉਰਫ਼ ਜਾਨੀ, ਰੂਪਕ, ਮਨੀਸ਼, ਕੁਨਾਲ ਤੇ ਰਵੀਸ਼ ਦਾ ਨਾਂ ਸ਼ਾਮਲ ਹੈ। ਮੁਲਜ਼ਮ ਰਵੀਸ਼ ਨੋਇਡਾ ਤੇ ਬਾਕੀ ਸਾਰੇ ਮੁਲਜ਼ਮ ਦਿੱਲੀ ਵਿਚ ਰਹਿ ਰਹੇ ਸਨ। 

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿਚ ਕੋਟਕ ਬੈਂਕ ਦਾ ਸਹਾਇਕ ਪ੍ਰਬੰਧਕ ਤੇ ਆਰ.ਬੀ.ਐੱਲ. ਬੈਂਕ ਦਾ ਇਕ ਹੋਰ ਮੁਲਜ਼ਮ ਸ਼ਾਮਲ ਹੈ। ਇਹ ਦੋਵੇਂ ਗਿਰੋਹ ਨੂੰ ਬੈਂਕ ਦਾ ਉਹ ਖ਼ਾਤਾ ਨੰਬਰ ਮੁਹੱਈਆ ਕਰਵਾਉਂਦੇ ਸਨ, ਜਿਸ ਵਿਚ ਠੱਗੀ ਦੀ ਰਕਮ ਹਾਸਲ ਕਰਨੀ ਹੁੰਦੀ ਸੀ। ਪੁਲਸ ਨੇ ਮੁਲਜ਼ਮਾਂ ਨੂੰ ਦਿੱਲੀ, ਨੋਇਡਾ ਤੇ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ‘ਚੋਂ 5 ਮੋਬਾਈਲ ਫ਼ੋਨ, ਚਾਰ ਸਿਮ ਕਾਰਡ, ਕੋਟਕ ਮਹਿੰਦਰਾ ਬੈਂਕ ਦੇ 2 ਡੈਬਿਟ ਕਾਰਡ ਤੇ 44 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ। 

ਇਨ੍ਹਾਂ ਸਾਈਬਰ ਅਪਰਾਧੀਆਂ ਨੇ ਹਾਲ ਹੀ ਵਿਚ ਫ਼ਰੀਦਾਬਾਦ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਨਾਲ 53,400 ਰੁਪਏ ਦੀ ਠੱਗੀ ਕੀਤੀ ਸੀ। ਪੁਲਸ ਨੇ ਪੁੱਛਗਿੱਛ ਮਗਰੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

Add a Comment

Your email address will not be published. Required fields are marked *