ਸਿੱਧੂ ਮੂਸੇਵਾਲਾ ਕਤਲ ਕਾਂਡ: DGP ਗੌਰਵ ਯਾਦਵ ਫਰਾਰ ਗੈਂਗਸਟਰ ਦੀਪਕ ਟੀਨੂੰ ਦੇ ਮਾਮਲੇ ’ਤੇ ਹੋਏ ਸਖ਼ਤ

ਜਲੰਧਰ – ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਦੇ ਮਾਮਲੇ ’ਤੇ ਹੋਰ ਸਖ਼ਤ ਹੋ ਗਏ ਹਨ ਅਤੇ ਉਨ੍ਹਾਂ ਨੇ ਐੱਸ. ਆਈ. ਟੀ. ਚੀਫ਼ ਅਤੇ ਆਈ. ਜੀ. ਐੱਮ. ਐੱਸ. ਛੀਨਾ ਨੂੰ ਇਸ ਮਾਮਲੇ ਵਿਚ ਖ਼ੁਦ ਗੱਲ ਕਰਕੇ ਉਨ੍ਹਾਂ ਨੂੰ ਜਾਂਚ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਡੀ. ਜੀ. ਪੀ. ਗੌਰਵ ਯਾਦਵ ਪੂਰੀ ਤਰ੍ਹਾਂ ਸੰਪਰਕ ਬਣਾ ਕੇ ਚੱਲ ਰਹੇ ਹਨ ਅਤੇ ਪੂਰੀ ਘਟਨਾ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਕਿਸੇ ਵੀ ਗੈਂਗਸਟਰ ਦੇ ਮਾਮਲੇ ’ਚ ਨਰਮ ਰੁਖ ਨਹੀਂ ਅਪਣਾਏਗੀ ਅਤੇ ਸਰਕਾਰ ਦਾ ਮੁੱਖ ਟੀਚਾ ਪੰਜਾਬ ਨੂੰ ਗੈਂਗਸਟਰਾਂ ਤੋਂ ਮੁਕਤ ਕਰਨਾ ਹੈ।

ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਗਠਿਤ 4 ਮੈਂਬਰੀ ਐੱਸ. ਆਈ. ਟੀ. ਵੱਲੋਂ ਸੰਭਵ ਤੌਰ ’ਤੇ ਵੀਰਵਾਰ ਤੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਐੱਸ. ਆਈ. ਟੀ. ਵੱਲੋਂ ਫਰਾਰ ਗੈਂਗਸਟਰ ਸਬੰਧੀ ਸਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ। ਡੀ. ਜੀ. ਪੀ. ਚਾਹੁੰਦੇ ਹਨ ਕਿ ਫਰਾਰ ਹੋਏ ਗੈਂਗਸਟਰ ਦੇ ਮਾਮਲੇ ’ਚ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ। ਪੰਜਾਬ ਪੁਲਸ ਨੇ ਪਹਿਲਾਂ ਹੀ ਏ. ਐੱਸ. ਆਈ. ਪ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਉਨ੍ਹਾਂ ਕੋਲੋਂ ਵੀ ਐੱਸ. ਆਈ. ਟੀ. ਦੇ ਮੈਂਬਰਾਂ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਐੱਸ. ਆਈ. ਟੀ. ਮਾਨਸਾ ਜ਼ਿਲ੍ਹੇ ਦਾ ਵੀ ਦੌਰਾ ਕਰੇਗੀ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਆਖਰ ਕਿਨ੍ਹਾਂ ਹਾਲਾਤ ਵਿਚ ਗੈਂਗਸਟਰ ਭੱਜਣ ਵਿਚ ਕਾਮਯਾਬ ਹੋਏ।

ਫਰਾਰ ਗੈਂਗਸਟਰ ਦੀਪਕ ਟੀਨੂੰ ਦਾ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਹੱਥ ਸੀ। ਸਿੱਧੂ ਮੂਸੇਵਾਲਾ ਕਾਂਡ ਭਗੌੜੇ ਗੈਂਗਸਟਰ ਨਾਲ ਜੁੜਿਆ ਹੋਇਆ ਹੈ, ਇਸ ਲਈ ਸਮੁੱਚੀ ਪੰਜਾਬ ਪੁਲਸ ਫੋਰਸ ਦਾ ਧਿਆਨ ਇਸ ਪਾਸੇ ਹੈ ਕਿ ਆਖਰ ਕਦੋਂ ਦੀਪਕ ਟੀਨੂੰ ਨੂੰ ਮੁ਼ੜ ਗ੍ਰਿਫ਼ਤਾਰ ਕਰਨ ’ਚ ਮਦਦ ਮਿਲਦੀ ਹੈ। ਡੀ. ਜੀ. ਪੀ. ਨੇ ਐੱਸ. ਆਈ. ਟੀ. ਦੇ ਮੈਂਬਰਾਂ ਨੂੰ ਇਸ ਮਾਮਲੇ ’ਚ ਰੋਜ਼ਾਨਾ ਰਿਪੋਰਟ ਦੇਣ ਲਈ ਕਿਹਾ ਹੈ। ਹੁਣ ਜਦੋਂਕਿ ਤਿਉਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਪੁਲਸ ਵੱਲੋਂ ਕਈ ਹੋਰ ਅਪਰਾਧਕ ਸੰਗਠਨਾਂ ਦੇ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਚੰਡੀਗੜ੍ਹ ਹੈੱਡਕੁਆਰਟਰ ਤੋਂ ਏ. ਡੀ. ਜੀ. ਪੀ., ਆਈ. ਜੀ., ਡੀ. ਆਈ. ਜੀ. ਰੈਂਕ ਦੇ ਅਧਿਕਾਰੀਆਂ ਨੂੰ ਜ਼ਿਲ੍ਹਿਆਂ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਭੇਜਣਾ ਸ਼ੁਰੂ ਕਰ ਦਿੱਤਾ ਹੈ।

Add a Comment

Your email address will not be published. Required fields are marked *