ਨੌਕਰੀ ਦੇ ਨਾਂ ’ਤੇ ਮਸੀਹ ਕੁੜੀ ਨਾਲ ਜਬਰ-ਜ਼ਿਨਾਹ ਤੇ ਬਲੈਕਮੇਲ ਕਰਨ ਵਾਲੇ 2 ਦੋਸ਼ੀਆਂ ਨੂੰ ਅਦਾਲਤ ਨੇ ਸੁਣਾਈ ਸਜ਼ਾ

ਗੁਰਦਾਸਪੁਰ/ਪਾਕਿਸਤਾਨ – ਜੇਹਲਮ ਦੀ ਸ਼ੈਸਨ ਜੱਜ ਅਦਾਲਤ ਨੇ ਇਕ ਮਸੀਹ ਕੁੜੀ ਨੂੰ ਪਾਕਿਸਤਾਨ ਦੀ ਜਾਂਚ ਏਜੰਸੀ ਐੱਫ.ਆਈ.ਏ ’ਚ ਨੌਕਰੀ ਦਿਵਾਉਣ ਦੇ ਨਾਮ ’ਤੇ ਜਬਰ-ਜ਼ਿਨਾਹ ਕਰਨ ਅਤੇ ਜਬਰ-ਜ਼ਿਨਾਹ ਕਰਦੇ ਸਮੇਂ ਦੀ ਵੀਡੀਓ ਬਣਾ ਬਲੈਕਮੇਲ ਕਰਨ ਵਾਲੇ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਅਤੇ 10-10 ਲੱਖ ਰੁਪਏ ਜ਼ੁਰਮਾਨੇ ਦਾ ਆਦੇਸ਼ ਸੁਣਾਇਆ ਹੈ।

ਸੂਤਰਾਂ ਅਨੁਸਾਰ ਇਕ ਮਸੀਹ ਕੁੜੀ ਨੇ ਜੁਲਾਈ 2021 ਵਿਚ ਜੇਹਲਮ ਸਦਰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪ੍ਰਾਇਵੇਟ ਕਾਲਜ ’ਚ ਸਿੱਖਿਆ ਪ੍ਰਾਪਤ ਕਰ ਰਹੀ ਸੀ। ਉਸ ਦੀ ਜਾਨ ਪਛਾਣ ਵਾਲੇ ਦੋ ਦੋਸ਼ੀ ਉਸਮਾਨੁਲ ਹੱਕ ਅਤੇ ਮੁਹੰਮਦ ਸਾਈਦ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਕੇਂਦਰੀ ਜਾਂਚ ਏਜੰਸੀ ਐੱਫ.ਆਈ.ਏ ’ਚ ਨੌਕਰੀ ਦਿਵਾ ਸਕਦੇ ਹਨ। ਦੋਵਾਂ ਨੇ ਐੱਫ.ਆਈ.ਏ ਦਾ ਏਜੰਟ ਹੋਣ ਦਾ ਦਾਅਵਾ ਕਰਕੇ ਉਸ ਨੂੰ ਮਿਲਣ ਲਈ ਬੁਲਾਇਆ ਅਤੇ ਅਗਵਾ ਕਰਨ ਦੇ ਬਾਅਦ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਸ ਸਮੇਂ ਦੋਸ਼ੀਆਂ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ, ਜਿਸ ਦੇ ਆਧਾਰ ’ਤੇ ਦੋਸ਼ੀਆਂ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਬਦਨਾਮੀ ਦੇ ਡਰ ਕਾਰਨ ਉਸ ਨੇ ਬੈਂਕ ਖਾਤੇ ’ਚੋਂ ਸਾਰੇ ਪੈਸੇ ਕੱਢਵਾ ਕੇ ਉਨ੍ਹਾਂ ਨੂੰ ਦੇ ਦਿੱਤੇ।

ਕੁੜੀ ਨੇ ਦੱਸਿਆ ਕਿ ਉਸ ਤੋਂ ਬਾਅਦ ਦੋਸ਼ੀਆਂ ਨੇ ਉਸ ’ਤੇ ਘਰ ਤੋਂ ਸੋਨੇ ਦੇ ਜੇਵਰ ਚੋਰੀ ਕਰਕੇ ਲਿਆਉਣ ਲਈ ਦਬਾਅ ਪਾਉਣ ਸ਼ੁਰੂ ਕਰ ਦਿੱਤਾ। ਦੋਸ਼ੀਆਂ ਨੇ ਉਸ ਦੇ ਸਿੱਖਿਆ ਸਬੰਧੀ ਸਾਰੇ ਸਰਟੀਫਿਕੇਟ ਅਤੇ ਉਸ ਦੇ ਦਸਤਖ਼ਤ ਕੀਤੇ ਬੈਂਕ ਚੈੱਕ ਵੀ ਲੈ ਲਏ। ਅਸ਼ਲੀਲ ਵੀਡੀਓ ਡਲੀਟ ਕਰਨ ਲਈ ਉਹ ਉਸ ਤੋਂ 4 ਲੱਖ ਰੁਪਏ ਦੀ ਮੰਗ ਕਰਨ ਲਗੇ। ਪਰੇਸ਼ਾਨ ਹੋ ਕੇ ਕੁੜੀ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਦੱਸ ਦਿੱਤਾ ਅਤੇ ਪਰਿਵਾਰ ਨੇ ਪੁਲਸ ਸਟੇਸ਼ਨ ਵਿਚ ਜਾ ਕੇ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੀੜਤਾਂ ਦੇ ਦਸਤਾਵੇਜ਼ ਸਮੇਤ ਕਰੀਬ 10 ਲੱਖ ਰੁਪਏ ਬਰਾਮਦ ਕਰ ਲਏ। 

ਕੇਸ ਦੀ ਸੁਣਵਾਈ ਦੌਰਾਨ ਜੇਹਲਮ ਦੇ ਜ਼ਿਲ੍ਹਾ ਸ਼ੈਸਨ ਜੱਜ ਨੇ ਦੋਵਾਂ ਦੋਸ਼ੀਆਂ ਨੂੰ ਦੋਸ਼ੀ ਮੰਨਦੇ ਹੋਏ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਅਤੇ 10-10 ਲੱਖ ਰੁਪਏ ਜੁਰਮਾਨਾ ਦੇਣ ਦਾ ਆਦੇਸ਼ ਜਾਰੀ ਕਰ ਦਿੱਤਾ। ਜੱਜ ਨੇ ਜੁਰਮਾਨਾ ਰਾਸ਼ੀ ਪੀੜਤਾਂ ਨੂੰ ਅਦਾ ਕਰਨ ਅਤੇ ਦੋਸ਼ੀ ਤੋਂ ਬਰਾਮਦ 10 ਲੱਖ ਦੀ ਰਾਸ਼ੀ, ਜੋ ਪੁਲਸ ਦੇ ਕਬਜ਼ੇ ’ਚ ਸੀ, ਉਹ ਵੀ ਪੀੜਤਾਂ ਨੂੰ ਵਾਪਸ ਕਰਨ ਦਾ ਆਦੇਸ਼ ਸੁਣਾਇਆ।

Add a Comment

Your email address will not be published. Required fields are marked *