ਚੇਤ ਦੀ ਸੰਗਰਾਂਦ ਮੌਕੇ 452 ਸ਼ਰਧਾਲੂਆਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕੀਤੇ ਦਰਸ਼ਨ

ਡੇਰਾ ਬਾਬਾ ਨਾਨਕ – ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਗਿਣਤੀ ਗਿਣਤੀ ’ਚ ਦਿਨੋਂ ਦਿਨ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਚੇਤ ਦੀ ਸੰਗਰਾਂਦ ਅਤੇ ਨਵੇਂ ਸਾਲ ਦੇ ਸ਼ੁੱਭ ਦਿਹਾੜੇ ਮੌਕੇ 452 ਸ਼ਰਧਾਲੂਆਂ ਵੱਲੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ ਗਏ।

ਇਸ ਦੌਰਾਨ ਦਰਸ਼ਨ ਕਰ ਕੇ ਵਾਪਸ ਪਰਤੇ ਸ਼ਰਧਾਲੂ ਐੱਸ. ਬੀ. ਐੱਸ. ਕਬੱਡੀ ਫੈੱਡਰੇਸ਼ਨ ਨਿਊਜ਼ੀਲੈਂਡ ਦੇ ਪ੍ਰਧਾਨ ਤੀਰਥ ਸਿੰਘ ਦੇ ਪਿਤਾ ਅਮਰੀਕ ਸਿੰਘ ਨਿਊਜ਼ੀਲੈਂਡ, ਕੰਵਲਜੀਤ ਕੌਰ, ਗੁਰਦੀਪ ਸਿੰਘ ਨਵਾਂ ਸ਼ਹਿਰ, ਸ਼ਰਨਪ੍ਰੀਤ ਸਿੰਘ, ਕਿਰਨਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਨਵਾਂ ਸ਼ਹਿਰ ਨੇ ਕਰਤਾਰਪੁਰ ਲਾਂਘੇ ਵਿਖੇ ਦੱਸਿਆ ਕੇ ਉਹ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਇਹ ਲਾਂਘਾ ਖੁੱਲ੍ਹਣ ਨਾਲ ਜਿਥੇ ਪੂਰੀ ਦੁਨੀਆ ਦੀਆਂ ਨਾਨਕ ਨਾਮਲੇਵਾ ਸੰਗਤਾਂ ਆਪਣੇ ਚਿਰਾਂ ਤੋਂ ਵਿਛੜੇ ਆਪਣੇ ਇਸ ਪਵਿੱਤਰ ਅਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਰਹੀਆਂ ਹਨ, ਉਥੇ ਇਹ ਅਮਨ ਦਾ ਲਾਂਘਾ ਦੋਵਾਂ ਦੇਸ਼ਾਂ ਦੀ ਦੁਸ਼ਮਣੀ ਵਾਲੀ ਕੁੜੱਤਣ ਨੂੰ ਦੂਰ ਕਰ ਕੇ ਸਾਂਝੀਵਾਲਤਾ ਤੇ ਭਾਈਚਾਰੇ ਦਾ ਪ੍ਰਤੀਕ ਹੋਵੇਗਾ।

ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਕਰਵਾਈ ਜਾਣ ਵਾਲੀ ਰਜਿਸਟ੍ਰੇਸ਼ਨ ਨੂੰ ਸੁਖਾਲਾ ਬਣਾਇਆ ਜਾਵੇ, 20 ਡਾਲਰ ਦੀ ਫੀਸ ਨੂੰ ਘੱਟ ਅਤੇ ਪਾਸਪੋਰਟ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ ਤਾਂ ਜੋ ਸਮੁੱਚੀਆਂ ਨਾਨਕ ਨਾਮਲੇਵਾ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਦੇ ਦਰਸ਼ਨ ਦੀਦਾਰੇ ਕਰ ਸਕਣ।

Add a Comment

Your email address will not be published. Required fields are marked *