ਜਹਾਜ਼ਾਂ ਨੂੰ ਪੰਛੀਆਂ ਦੀ ਟੱਕਰ ਤੋਂ ਬਚਾਉਣ ਲਈ DGCA ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ (ਭਾਸ਼ਾ)–ਦੇਸ਼ ਭਰ ’ਚ ਹਵਾਈ ਅੱਡਿਆਂ ’ਤੇ ਪੰਛੀਆਂ ਅਤੇ ਹੋਰ ਜੀਵਾਂ ਦੇ ਜਹਾਜ਼ਾਂ ਨਾਲ ਟਕਰਾਉਣ ਦੀਆਂ ਘਟਨਾਵਾਂ ਰੋਕਣ ਲਈ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਸ਼ਨੀਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਕੇ ਨਿਯਮਿਤ ਗਸ਼ਤ ਅਤੇ ਕਿਸੇ ਵੀ ਤਰ੍ਹਾਂ ਦੀ ਜੰਗਲੀ ਜੀਵ ਸਰਗਰਮੀ ’ਤੇ ਪਾਇਲਟਾਂ ਨੂੰ ਸੂਚਨਾ ਦੇਣ ਨੂੰ ਕਿਹਾ। ਪਿਛਲੇ ਕੁਝ ਹਫਤਿਆਂ ’ਚ ਜਹਾਜ਼ਾਂ ਨਾਲ ਪੰਛੀਆਂ ਦੇ ਟਕਰਾਉਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।

ਬੀਤੀ 4 ਅਗਸਤ ਨੂੰ ਵੀ ਗੋ ਫਸਟ ਏਅਰਲਾਈਨ ਦੇ ਜਹਾਜ਼ ਨੇ ਚੰਡੀਗੜ੍ਹ ਲਈ ਉਡਾਣ ਭਰੀ ਸੀ ਪਰ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਉਸ ਨੂੰ ਅਹਿਮਦਾਬਾਦ ਹਵਾਈ ਅੱਡੇ ’ਤੇ ਪਰਤਣਾ ਪਿਆ ਸੀ। ਇਸ ਤੋਂ ਪਹਿਲਾਂ ਬੀਤੀ 19 ਜੂਨ ਨੂੰ ਪਟਨਾ ਤੋਂ ਦਿੱਲੀ ਲਈ ਉਡਾਣ ਭਰਨ ਤੋਂ ਬਾਅਦ ਸਪਾਈਸਜੈੱਟ ਦੇ ਜਹਾਜ਼ ਦੇ ਇੰਜਣ ’ਚ ਅੱਗ ਲੱਗ ਗਈ ਸੀ ਅਤੇ 184 ਮੁਸਾਫਰਾਂ ਨੂੰ ਲੈ ਕੇ ਉੱਡੇ ਜਹਾਜ਼ ਨੂੰ ਕੁਝ ਹੀ ਮਿੰਟਾਂ ਬਾਅਦ ਐਮਰਜੈਂਸੀ ਦੀ ਸਥਿਤੀ ’ਚ ਉਤਾਰਿਆ ਗਿਆ।

ਦਰਅਸਲ ਜਹਾਜ਼ ਨਾਲ ਕਿਸੇ ਪੰਛੀ ਦੇ ਟਕਰਾਉਣ ਨਾਲ ਇੰਜਣ ’ਚ ਖਾਮੀ ਆ ਗਈ ਸੀ। ਡੀ. ਜੀ. ਸੀ. ਏ. ਨੇ ਸ਼ਨੀਵਾਰ ਨੂੰ ਜਾਰੀ ਆਪਣੇ ਸਰਕੂਲਰ ’ਚ ਕਿਹਾ ਕਿ ਸਾਰੇ ਹਵਾਈ ਅੱਡਾ ਸੰਚਾਲਕਾਂ ਤੋਂ ਕਮੀਆਂ ਦਾ ਪਤਾ ਲਗਾਉਣ ਲਈ ਉਨ੍ਹਾਂ ਦੇ ਜੰਗਲੀ ਜੀਵ ਜੋਖਮ ਪ੍ਰਬੰਧਨ ਪ੍ਰੋਗਰਾਮ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਗਈ ਹੈ। ਕਿਸੇ ਵੀ ਹਵਾਈ ਅੱਡੇ ’ਚ ਅਤੇ ਉਸ ਦੇ ਨੇੜੇ-ਤੇੜੇ ਦੇ ਖੇਤਰਾਂ ’ਚ ਸਖਤੀ ਨਾਲ ਇਸ ਦਿਸ਼ਾ-ਨਿਰਦੇਸ਼ ’ਤੇ ਅਮਲ ਕਰਨ ਨੂੰ ਕਿਹਾ ਗਿਆ ਹੈ। ਡੀ. ਜੀ.ਸੀ. ਏ. ਨੇ ਹਵਾਈ ਅੱਡਾ ਸੰਚਾਲਕਾਂ ਨੂੰ ਜੰਗਲੀ ਜੀਵ ਜੋਖਮ ਦਾ ਮੁਲਾਂਕਣ ਕਰਨ ਨੂੰ ਕਿਹਾ ਹੈ। ਇਸ ਤੋਂ ਇਲਾਵਾ ਨਿਯਮਿਤ ਗਸ਼ਤ ਕਰਨ ਨੂੰ ਵੀ ਕਿਹਾ ਗਿਆ ਹੈ।

Add a Comment

Your email address will not be published. Required fields are marked *