ਪਿੰਡ-ਪਿੰਡ ਖੇਡ ਸੱਭਿਆਚਾਰ ਨੂੰ ਕਰਾਂਗੇ ਪ੍ਰਫੁੱਲਿਤ : ਮੀਤ ਹੇਅਰ

ਰੁੜਕਾ ਕਲਾਂ : ਪੰਜਾਬ ਦੇ ਖੇਡ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਪਿੰਡ-ਪਿੰਡ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰੇਗੀ, ਜਿਸ ਦੇ ਸਿੱਟੇ ਵਜੋਂ ਸੂਬੇ ਅੰਦਰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਖਿਡਾਰੀ ਪੈਦਾ ਹੋਣਗੇ। ਦੋਹਾ ਵਿਖੇ 7 ਤੋਂ 15 ਅਕਤੂਬਰ ਤੱਕ ਹੋਣ ਵਾਲੇ ਸਟਰੀਟ ਚਾਈਲਡ ਵਰਲਡ ਕੱਪ ’ਚ ਹਿੱਸਾ ਲੈਣ ਜਾ ਰਹੀ ਯੂਥ ਫੁੱਟਬਾਲ ਕਲੱਬ, ਰੁੜਕਾ ਕਲਾਂ ਦੀ ਟੀਮ ਦੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਪਹੁੰਚੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਨੂੰ ਪੂਰੀ ਤਵੱਜੋਂ ਦੇ ਕੇ ਸੂਬੇ ਨੂੰ ਖੇਡਾਂ ਦੇ ਖੇਤਰ ’ਚ ਮੁੜ ਮੋਹਰੀ ਬਣਾਉਣਾ ਪੰਜਾਬ ਸਰਕਾਰ ਦਾ ਟੀਚਾ ਹੈ, ਜਿਸ ਨੂੰ ਖਿਡਾਰੀਆਂ ਅਤੇ ਸੂਬਾ ਵਾਸੀਆਂ ਦੇ ਸਹਿਯੋਗ ਨਾਲ ਸਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਵਾਈ. ਐੱਫ. ਸੀ. ਰੁੜਕਾ ਕਲਾਂ ਦੇ ਖਿਡਾਰੀ ਦੋਹਾ ਵਿਖੇ ਸਟਰੀਟ ਚਾਈਲਡ ਵਰਲਡ ਕੱਪ ਲਈ ਜਾ ਰਹੇ ਹਨ ਅਤੇ ਅਜਿਹੇ ਉਪਰਾਲੇ ਹਰ ਪਿੰਡ ਵਿੱਚ ਅਪਣਾਉਣਾ ਸਮੇਂ ਦੀ ਮੁੱਖ ਮੰਗ ਹੈ । ਉਨ੍ਹਾਂ ਕਿਹਾ ਕਿ ਵਾਈ.ਐੱਫ.ਸੀ. ਮਾਡਲ ਨੂੰ ਅਪਣਾ ਕੇ ਪੰਜਾਬ ਦੇ ਹੋਰਨਾਂ ਪਿੰਡਾਂ ਅਤੇ ਸ਼ਹਿਰੀ ਖੇਤਰਾਂ ’ਚ ਖੇਡਾਂ ਦੇ ਖੇਤਰ ’ਚ ਵੱਡੀਆਂ ਮੱਲਾਂ ਮਾਰੀਆਂ ਜਾ ਸਕਦੀਆਂ ਹਨ।

ਰੁੜਕਾ ਕਲਾਂ ਵਿਖੇ 65 ਰੈਜ਼ੀਡੈਂਸ਼ੀਅਲ ਅਤੇ 40 ਡੇ ਸਕਾਲਰ ਸਪੋਰਟਸ ਵਿੰਗ ਦੀ ਸਥਾਪਤੀ ਦਾ ਐਲਾਨ ਕਰਦਿਆਂ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ’ਚ ਇਨਡੋਰ ਖੇਡਾਂ ਲਈ ਬਹੁਮੰਤਵੀ ਸਪੋਰਟਸ ਹਾਲ ਵੀ ਬਣਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਵਾਈ.ਐੱਫ.ਸੀ. ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਖੇਡਾਂ ਅਤੇ ਖਿਡਾਰੀਆਂ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਖੇਡ ਸੱਭਿਆਚਾਰ ਦੇ ਪਸਾਰ ਲਈ ਸਿਰਤੋੜ ਯਤਨ ਕੀਤੇ ਜਾਣਗੇ ਕਿਉਂਕਿ ਜ਼ਮੀਨੀ ਪੱਧਰ ਤੱਕ ਖੇਡਾਂ ਨੂੰ ਉਤਸ਼ਾਹਿਤ ਕਰਕੇ ਸਮਾਜਿਕ ਅਲਾਮਤਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਖੇਡ ਮੰਤਰੀ ਨੇ ਦੋਹਾ ਵਿਖੇ ਸਟਰੀਟ ਚਾਈਲਡ ਵਰਲਡ ਕੱਪ ਲਈ ਜਾਣ ਵਾਲੇ ਖਿਡਾਰੀਆਂ ਅਤੇ ਕੋਚਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਵੱਲੋਂ ਭਵਿੱਖ ’ਚ ਹੋਰ ਪ੍ਰਾਪਤੀਆਂ ਦੀ ਕਾਮਨਾ ਕੀਤੀ। ਮੀਤ ਹੇਅਰ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਅੱਵਲ ਆਉਣ ਵਾਲੀ ਰੁੜਕਾ ਕਲਾਂ ਦੀ ਟੀਮ ਨੂੰ ਵੀ ਸਨਮਾਨਿਤ ਕੀਤਾ।

ਇਸ ਮੌਕੇ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਆਪਣੇ ਸੰਬੋਧਨ ’ਚ ਵਾਈ.ਐੱਫ.ਸੀ. ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੁੜਕਾ ਕਲਾਂ ਵੱਲੋਂ ਖੇਡਾਂ ਦੇ ਖੇਤਰ ’ਚ ਲਾਮਿਸਾਲ ਯੋਗਦਾਨ ਪਾਉਂਦਿਆਂ ਬੁਲੰਦੀਆਂ ਨੂੰ ਛੋਹਿਆ ਗਿਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਵੱਧ ਤੋਂ ਵੱਧ ਖੇਡਾਂ ਨਾਲ ਜੁੜ ਕੇ ਸੂਬੇ ਦੀ ਤਰੱਕੀ ’ਚ ਆਪਣਾ ਯੋਗਦਾਨ ਪਾਉਣ। ਵਾਈ.ਐੱਫ.ਸੀ. ਦੇ ਪ੍ਰਧਾਨ ਗੁਰਮੰਗਲ ਦਾਸ ਅਤੇ ਸਰਪੰਚ ਕੁਲਵਿੰਦਰ ਕੌਰ ਕੌਲਧਰ ਨੇ ਆਪਣੇ ਸੰਬੋਧਨ ਵਿੱਚ ਸਮੂਹ ਨਗਰ ਨਿਵਾਸੀਆਂ ਅਤੇ ਪੰਚਾਇਤ ਵੱਲੋਂ ਖੇਡ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਖੇਡਾਂ ਨੂੰ ਹੋਰ ਹੁਲਾਰਾ ਦੇਣ ਵਿੱਚ ਵਾਈ.ਐਫ.ਸੀ. ਨੂੰ ਬੱਲ ਮਿਲੇਗਾ। ਪਦਮਸ੍ਰੀ ਕਰਤਾਰ ਸਿੰਘ ਪਹਿਲਵਾਨ, ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਵੀ ਸੰਬੋਧਨ ਕੀਤਾ। ਦੋਹਾ ਵਿਖੇ ਜਾਣ ਵਾਲੇ ਖਿਡਾਰੀਆਂ ਨਾਲ ਕੁਝ ਪਲ ਖੇਡ ਮੰਤਰੀ ਨੇ ਗਰਾਊਂਡ ਵਿੱਚ ਫੁੱਟਬਾਲ ਵੀ ਖੇਡਿਆ। ਖੇਡ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲਿਆਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ। 

Add a Comment

Your email address will not be published. Required fields are marked *